ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———31———

ਰੋਜ਼ ਸਵੇਰੇ ਘਰ ਵਿਚ ਆਉਂਦੀਆਂ ਰੱਤ ਭਿੱਜੀਆਂ ਅਖ਼ਬਾਰਾਂ।
ਅੰਨ੍ਹੇ ਖੂਹ ਵਿਚ ਗ਼ਰਕ ਗਿਆਂ ਨੂੰ ਕਿੱਸਰਾਂ 'ਵਾਜਾਂ ਮਾਰਾਂ।

ਚੰਗੇ ਭਲੇ ਪਰਿੰਦੇ ਬਹਿ ਗਏ ਆਲ੍ਹਣਿਆਂ ਵਿਚ ਜਾ ਕੇ,
ਧਰਤੀ ਅੰਬਰ ਸਾਰਾ ਮੱਲਿਆ ਹੁਣ ਖੰਭਾਂ ਦੀਆਂ ਡਾਰਾਂ।

ਅਣਚਾਹੇ ਮਹਿਮਾਨ ਦੇ ਵਾਂਗੂੰ ਚੰਦਰੇ ਸੁਪਨੇ ਆਉਂਦੇ,
ਸਹਿਮ ਜਿਹਾ ਛੱਡ ਜਾਵਣ ਪਿੱਛੇ ਮਰ ਚੁੱਕਿਆਂ ਦੀਆਂ ਤਾਰਾਂ।

ਪੌਣਾਂ ਦੇ ਵਿਚ ਜ਼ਹਿਰ ਘੋਲ ਕੇ ਕੌਣ ਬਚੇਗਾ ਏਥੇ,
ਸਿਵਿਆਂ ਦੇ ਵਿਚ ਅਰਥਹੀਣ ਨੇ ਸਾਰੀਆਂ ਜਿੱਤਾਂ ਹਾਰਾਂ।

ਪੈਦਲ ਬੰਦੇ ਦੇ ਹਿੱਸੇ ਬੱਸ ਮਿੱਟੀ ਘੱਟਾ ਆਵੇ,
ਪੱਕੀਆਂ ਸੜਕਾਂ ਉੱਤੇ ਭਾਵੇਂ ਚਲਦੀਆਂ ਮੋਟਰ ਕਾਰਾਂ।

ਹੱਥਾਂ ਵਾਲੀ ਡੋਰ ਨਾ ਕਿਧਰੇ ਹੱਥਾਂ ਵਿਚ ਹੀ ਰਹਿ ਜਾਵੇ,
ਚਾਤਰ ਪੇਚੇ ਮਾਰਨ ਐਧਰ ਸੁੱਤੀਆਂ ਨੇ ਸਰਕਾਰਾਂ।

ਹੜ੍ਹ ਦਾ ਪਾਣੀ ਵਗਦਾ ਭਾਵੇਂ ਸਿਰ ਉੱਤੋਂ ਦੀ ਯਾਰੋ,
ਇਕ ਦੂਜੇ ਨੂੰ ਪਾਓ ਕਰਿੰਘੜੀ ਬਣ ਜਾਓ ਦੀਵਾਰਾਂ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /57