ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਪਾਸ ਵਾਲੀ ਚਟਾਨ ਨਾਲ ਜਾ ਕੇ ਟਕਰਾਈ ਅਤੇ ਚੂਰਾ ਚੂਰਾ ਹੋ ਗਈ। ਉਸ ਦੇ ਆਦਮੀਆਂ ਦਾ ਫੇਰ ਕੁੱਝ ਪਤਾ ਨਹੀਂ ਲੱਗਾ। ਇਸ ਗੱਲ ਦੀ ਚੌਫੇਰੇ ਬਹੁਤ ਚਰਚਾ ਹੈ।"

ਉਹੋ! ਅਫ਼ਸੋਸ! ਬਹੁਤ ਗ਼ਜ਼ਬ ਹੋ ਗਿਆ। ਕੀ ਭਾਈ ਗੁਰਮੁਖ ਸਿੰਘ ਦਾ ਸਾਰਾ ਪਰਿਵਾਰ ਗੰਗਾ ਵਿਚ ਡੁੱਬ ਗਿਆ? ਯਾ ਖ਼ੁਦਾ! ਕੀ ਤੂੰ ਮੇਰੀ ਮਾਂ ਨੂੰ ਭੀ ਅਸਮਾਨ ਉੱਤੇ ਚੁੱਕ ਲਿਆ? ਨਹੀਂ ਨਹੀਂ, ਅਜੇਹਾ ਕਦੇ ਨਹੀਂ ਹੋਵੇਗਾ। ਜੋ ਦੇਵੀ ਆਪਣੇ ਧਰਮ ਪਰ ਕੁਰਬਾਨ ਹੋਣ ਲਈ ਹਰ ਵੇਲੇ ਤਿਆਰ ਹੋ, ਖ਼ੁਦਾ ਉਸ ਦੀ ਜ਼ਰੂਰ ਮਦਦ ਕਰੇਗਾ। ਚੰਗਾ ਦੋਸਤ! ਮੈਂ ਭੀ ਹੁਣ ਤੇਰੇ ਪਾਸ ਇਕ ਮਿੰਟ ਠਹਿਰ ਨਹੀਂ ਸਕਦਾ। ਹੁਣ ਮੈਨੂੰ ਖਾਣਾ ਪੀਣਾ ਹਰਾਮ ਹੈ। ਮੈਂ ਜਿੱਥੋਂ ਤੱਕ ਵੱਸ ਚਲੇਗਾ, ਆਪਣੀ ਮਾਤਾ ਦੀ ਤਲਾਸ਼ ਕਰਾਂਗਾਂ। ਉਸ ਦੇ ਬਾਲ ਬੱਚੇ ਅਤੇ ਖਾਵੰਦ ਵਗੈਰਾ ਦਾ ਪਤਾ ਜਾ ਕੇ ਕੱਢਾਂਗਾ। ਜਿਸ ਦੇਵੀ ਨੇ ਮੇਰੀ ਜਾਨ ਬਖ਼ਸ਼ੀ ਹੈ। ਉਸ ਦੀ ਨੇਕੀ ਦਾ ਬਦਲਾ ਦੇਣ ਵਿੱਚ ਮੈਨੂੰ ਖ਼ੁਸ਼ੀ ਹਾਸਲ ਹੋਵੇਗੀ।"

"ਨਹੀਂ ਨਹੀਂ, ਖ਼ਾਨ ਸਾਹਿਬ! ਆਪ ਇਹ ਕੀ ਕਹਿੰਦੇ ਹੋ? ਜਿਸ ਔਰਤ ਨੇ ਤੁਹਾਨੂੰ ਇਸ ਹਾਲਤ ਵਿਚ ਪੁਚਾ ਦਿਤਾ ਹੈ। ਉਹ ਕਦੇ ਰਹਿਮ ਦੇ ਲਾਇਕ ਨਹੀਂ। ਨਾਹੱਕ ਆਪ ਇਸ ਤਕਲੀਫ ਵਿਚ ਕਿਉਂ ਪੈਂਦੇ ਹੋ? ਮੈਂ ਤੁਹਾਨੂੰ ਹਰਗਿਜ਼ ਇਸ ਖੰਦਕ ਵਿਚ ਨਹੀਂ ਡਿਗਣ ਦਿਆਂਗਾ।"

"ਵਾਹ ਭਈ ਵਾਹ! ਤੂੰ ਠੀਕ ਕਿਹਾ ਹੈ! ਜਿਸ ਨੇ ਮੈਨੂੰ ਜ਼ਿੰਦਾ ਛੱਡਿਆ ਅਤੇ ਨੇਕ ਰਾਹ ਦਸਿਆ ਹੈ, ਜੋ ਮੈਨੂੰ ਗੁਨਾਹਾਂ ਤੋਂ ਬਚਾਣ ਵਾਲੀ ਹੈ, ਭਲਾ ਉਸ ਦੇ ਅਹਿਸਾਨਾਂ ਨੂੰ ਮੈਂ ਕਦੇ ਭੁੱਲ ਸਕਦਾ ਹਾਂ? ਕੰਨ ਪਾੜ ਕੇ ਉਸ ਨੇ ਮੈਨੂੰ ਸਜ਼ਾ ਨਹੀਂ ਦਿੱਤੀ, ਬਲਕਿ ਮੇਰੇ ਜਿਹੇ ਗੁਨਾਹਗਾਰਾਂ ਨੂੰ ਇਬਰਤ ਦੇਣ ਲਈ ਅਜੋਹਾ ਕਾਰਾ ਕੀਤਾ ਹੈ।"

"ਖੈਰ, ਤੁਹਾਡੀ ਜੇਕਰ ਇਸੇ ਤਰਾਂ ਹੀ ਮਰਜ਼ੀ ਹੈ, ਤਾਂ ਮੌਜ ਕਰੋ, ਪਰ ਹੁਣ ਖਾਣਾ ਤਾਂ ਖਾ ਜਾਓ, ਤਿਆਰ ਹੋ ਰਿਹਾ ਹੈ।"

"ਬੱਸ ਹੁਣ ਖਾਣ ਪੀਣ ਦੀ ਕੋਈ ਲੋੜ ਨਹੀਂ। ਬਹੁਤ ਭੁੱਖ ਲੱਗੀ ਤਾਂ ਦਰੱਖਤਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰ ਲਵਾਂਗਾ। ਹੁਣ ਤੁਹਾਡੇ ਖਾਣੇ ਦਾਣੇ ਨਹੀਂ ਚਾਹੀਦੇ, ਫੇਰ ਕਦੇ ਜ਼ਿੰਦਗੀ ਰਹੀ ਤਾਂ ਆ ਖਾਵਾਂਗੇ।"

ਇਹ ਆਖ ਕੇ ਫ਼ਕੀਰ ਸਾਈਂ ਚਲਦੇ ਹੋਏ।

37