ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਮਰਪਣ

ਪਿਆਰੀ ਬੇਟੀ
ਅਸੀਸ ਕੌਰ ਗਿੱਲ
ਦੇ ਨਾਮ

ਕਿੰਨਾ ਕੁਝ ਬਦਲ ਦਿੰਦੀ ਹੈ ਅਸੀਸ
ਫਿੱਕਾ ਲੱਗਦਾ ਸੂਰਜ ਗੂੜ੍ਹਾ ਹੋ ਜਾਂਦੈ
ਚੰਦਰਮਾ ਅੰਬਰੋਂ ਉੱਤਰ ਕੇ
ਇਕੱਲਾ ਮਾਮਾ ਨਹੀਂ
ਤਾਰਿਆਂ ਸਣੇ ਨਾਨਕਾ ਮੇਲ ਬਣ ਜਾਂਦੈ।
ਮੀਂਹ ਦੀਆਂ ਕਣੀਆਂ ਅਰਥ ਬਦਲਦੀਆਂ
ਰਹਿਮਤ ਬਣ ਜਾਂਦੇ ਨੇ ਜਲ ਕਣ।
ਆਸਾਂ ਦਾ ਬੂਰ
ਦੋਧੇ ਦਾਣਿਆਂ 'ਚ ਬਦਲ ਜਾਂਦਾ ਹੈ।

ਘਰ ਦੀ ਸਾਰੀ ਵਿਆਕਰਣ
ਬਦਲ ਜਾਂਦੀ ਹੈ
ਟੋਏ ਭਰਦੇ, ਟਿੱਬੇ ਖ਼ੁਰਦੇ।
ਸਮਤਲ ਧਰਤੀ 'ਤੇ ਤੁਰਨਾ
ਚੰਗਾ ਚੰਗਾ ਲੱਗਦਾ ਹੈ।
ਇੱਕ ਅਸੀਸ ਨਾਲ਼।

ਬੂਹੇ ਅੱਗੇ ਲਾਏ ਬਿਰਖ਼ 'ਤੇ
ਚਿੜੀਆਂ ਚੂਕਦੀਆਂ ਸਵੇਰ ਸਾਰ।
ਸਾਡੀ ਧੀ ਨਾਲ਼ ਖੇਡਣ ਆਈਆਂ
ਸਖੀਆਂ ਸਹੇਲੀਆਂ ਲੱਗਦੀਆਂ।