ਸਮੱਗਰੀ 'ਤੇ ਜਾਓ

ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/173

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਨਵੀਆਂ ਸੋਚਾਂ

ਤੋਂ ਵਡਾ ਮੁਅਜਜ਼ਾ ਹੋਰ ਕੋਈ ਨਹੀਂ।

ਖੂਬਸੂਰਤੀ ਭੀ ਇਕ ਕਰਾਮਾਤ ਹੈ। ਕੀ ਤੁਸੀਂ ਨਕ, ਮੂੰਹ, ਹੋਠ, ਅੱਖਾਂ ਦੇਖ ਕੇ ਦਸ ਸਕਦੇ ਹੋ ਕਿ ਸੁੰਦਰਤਾ ਕਿਸ ਵਿਚ ਹੈ? ਕੀ ਰੰਗ ਸੁੰਦਰਤਾ ਹੈ, ਜਾਂ ਸੁਡੌਲਤਾ? ਚੰਮ ਸੁੰਦਰਤਾ ਹੈ ਜਾਂ ਇਸ ਦੀ ਨਰਮਾਈ ਤੇ ਕੋਮਲਤਾ? ਇਹ ਇਕ ਅਚੰਭਾ ਹੈ, ਜਿਸ ਦਾ ਕਾਰਨ ਲਭਣਾ ਔਖਾ ਹੈ। ਕਈ ਕਹਿਣਗੇ ਕਿ ਇਹ ਵੇਖਣ ਵਾਲੀਆਂ ਚੀਜ਼ਾਂ ਵਿਚ ਹੁੰਦੀ ਹੈ, ਖਾਸ ਕਰਕੇ ਉਨਾਂ ਦੀ ਉਤਲੀ ਸਤ੍ਹਾ ਵਿਚ। ਕਈ ਕਹਿਣਗੇ, ਨਹੀਂ, ਇਹ ਤਾਂ ਮਨੁਖੀ ਮਨ ਦੇ ਅੰਦਰ ਦਾ ਗੁਣ ਹੈ।

ਨੇਕੀ ਦਾ ਭਾਵ ਭੀ ਕਰਾਮਾਤ ਹੈ, ਕਿਉਂਕਿ ਇਸ ਨੂੰ ਭੀ ਅਸੀਂ ਦਲੀਲ ਦੀ ਕਸਵਟੀ ਉਤੇ ਨਹੀਂ ਚਾੜ੍ਹ ਸਕਦੇ। ਨੇਕ ਉਹ ਹੈ ਜੋ "ਅਪੁਨਾ ਬਿਗਾੜਿ ਬਿਗਾਨਾ ਸਾਂਢੈ।" ਕੀ ਇਹ ਆਮ ਵਿਚਾਰ ਦੇ ਅਨਕੂਲ ਹੈ? ਮੈਂ ਭਲਾ ਕਿਉਂ ਕਰਾਂ? ਕੀ ਲਾਭ? ਲਾਭ ਦਾ ਖ਼ਿਆਲ ਹੀ ਨੇਕੀ ਦੀ ਅੰਸ਼ ਘਟਾ ਦਿੰਦਾ ਹੈ।

ਕੀ ਪਿਆਰ ਇਕ ਮੁਅਜਜ਼ਾ ਨਹੀਂ? ਕਿਸੇ ਤੀਵੀਂ ਜਾਂ ਮਰਦ ਵਿਚ ਬਹੁਤ ਗੁਣ ਨਾ ਭੀ ਹੋਣ, ਪਰ ਫੇਰ ਭੀ ਓਹ ਇਕ ਦੂਜੇ ਉਤੇ ਜਾਨ ਵਾਰਨ ਲਈ ਤਿਆਰ ਹੁੰਦੇ ਹਨ। ਇਕ ਦੂਜੇ ਨੂੰ ਵੇਖੇ ਬਿਨਾਂ ਰਹਿ ਨਹੀਂ ਸਕਦੇ। ਕੀ ਇਹ ਵਿਚਾਰ ਦੇ ਅਨਕੂਲ ਹੈ? ਕੀ ਆਮ ਲੋਕ ਇਨ੍ਹਾਂ ਪ੍ਰੇਮੀਆਂ ਨੂੰ ਦੇਖ ਕੇ ਕਹਿ ਸਕਦੇ ਹਨ ਕਿ ਇਨ੍ਹਾਂ ਦੀ ਖਿਚ ਵਿਚ ਵਾਜਬੀ ਕਾਰਨ ਮੌਜੂਦ ਹਨ? ਨਹੀਂ। ਤਾਂ ਫੇਰ ਪਿਆਰ ਮੁਅਜਜ਼ਾ ਹੀ ਹੋਇਆ ਨਾਂ, ਜੋ ਇਨ੍ਹਾਂ ਦੀਆਂ ਅੱਖਾਂ ਨੂੰ ਉਹ ਕੁਝ ਦਿਖਾ ਰਿਹਾ ਹੈ, ਅਤੇ ਦਿਲਾਂ ਨੂੰ ਉਹ ਕੁਝ ਸਮਝਾ ਰਿਹਾ ਹੈ ਜੋ ਸਧਾਰਨ ਕਾਰਜ ਤੇ ਕਾਰਨ ਵਾਲੇ ਸੰਬੰਧ ਤੋਂ ਪਰੇ ਹੈ।

ਮੈਂ ਕਰਾਮਾਤ ਵਿਚ ਪੂਰੀ ਤਰ੍ਹਾਂ ਯਕੀਨ ਰਖਦਾ ਹਾਂ, ਜਦ ਮੈਂ ਖੜੋ ਕੇ ਵਾਹਿਗੁਰੂ ਅਗੇ ਬੇਨਤੀ ਕਰਦਾ ਹਾਂ ਕਿ ਹੇ ਪ੍ਰਭੂ!

ー੧੭੦ー