ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/175

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਜਿੰਦਾ ਹੋ ਸਕਦੇ ਹਨ, ਪਰ ਸਧਾਰਨ ਕੁਦਰਤੀ ਤਰੀਕੇ ਨਾਲ। ਅਰਥਾਤ ਮੌਤ ਦੇ ਥੋੜੇ ਚਿਰ ਪਿਛੋਂ (ਜਦੋਂ ਅਜੇ ਸਰੀਰ ਗਲਨਾ ਸੜਨਾ ਸ਼ੁਰੂ ਨਹੀਂ ਹੋਇਆ) ਅਰਦਾਸ ਦੇ ਜ਼ਰੀਏ ਰੱਬ ਦੀ ਰਜ਼ਾ ਨੂੰ ਪ੍ਰੇਰਿਆ ਜਾਏ ਤਾਂ ਹੋ ਸਕਦਾ ਹੈ ਕਿ ਸਰੀਰ ਦੀਆਂ ਨਾੜਾਂ ਵਿਚ ਲਹੂ ਫਿਰ ਗੇੜਾ ਲਾਣਾ ਸ਼ੁਰੂ ਕਰ ਦੇਵੇ। ਪਰ ਜੇ ਸਰੀਰ ਸੜ ਕੇ ਸੁਆਹ ਹੋ ਗਿਆ ਹੋਵੇ, ਤਾਂ ਇਹ ਮੁਅਜਜ਼ਾ ਨਹੀਂ ਹੋ ਸਕਦਾ, ਕਿਉਂਕਿ ਕੁਦਰਤ ਦੇ ਸਮਿਆਨ ਖਿੰਡ ਫੁੰਡ ਗਏ ਹਨ। ਅਸੀਂ ਇਹੋ ਜਹੇ ਮੁਅਜਸ਼ੇ ਜਿਥੇ ਭੀ ਕਿਤਾਬਾਂ ਵਿਚ ਲਿਖੇ ਹੋਏ ਪੜ੍ਹਦੇ ਹਾਂ, ਉਥੇ ਇਹ ਕਦੀ ਨਹੀਂ ਹੋਇਆ ਕਿ ਮੁਰਦੇ ਦਾ ਸਰੀਰ ਦਫ਼ਨ ਕੀਤਾ ਗਿਆ ਹੋਵੇ ਜਾਂ ਸਾੜ ਦਿਤਾ ਗਿਆ ਹੋਵੇ, ਤੇ ਫੇਰ ਸੁਰਜੀਤ ਕੀਤਾ ਗਿਆ ਹੋਵੇ।

ਇਸੇ ਤਰ੍ਹਾਂ ਦਰਖਤਾਂ ਵਿਚ ਕੌੜੇ ਰਸ ਦੀ ਥਾਂ ਕੁਦਰਤੀ ਤੌਰ ਤੇ ਮਿਠਾ ਰਸ ਵਹਿਣ ਲਗ ਪਏ ਤਾਂ ਸੰਭਵ ਹੈ, (ਜਿਵੇਂ ਗੁਰ ਨਾਨਕ ਸਾਹਿਬ ਨੇ ਕੌੜੇ ਰੀਠੇ ਦੇ ਰੁਖ ਨੂੰ ਮਿਠਾ ਕਰ ਦਿਤਾ), ਪਰ ਕਿਕਰ ਨਾਲ ਜਲੇਬ ਨਹੀਂ ਲਗ ਸਕਦੇ। ਊਹੋ ਕਿਕਰ ਦੀਆਂ ਫਲੀਆਂ ਕੌੜੇ ਰਸ ਦੀ ਥਾਂ ਮਿਠੇ ਰਸ ਵਾਲੀਆਂ ਹੋ ਸਕਦੀਆਂ ਹਨ, ਪਰ ਇਹ ਨਹੀਂ ਹੋ ਸਕਦਾ ਕਿ ਕੜਾਹੀ ਵਿਚ ਤਲੀਣ ਵਾਲੀ ਮੈਦੇ ਦੀ ਚੀਜ਼ ਰੁਖ ਬਿਰਖ ਦਾ ਹਿਸਾ ਬਣ ਜਾਵੇ। ਇਹ ਕੁਦਰਤ ਦੇ ਨੇਮ ਦੇ ਉਲਟ ਹੈ। ਅਰਥਾਤ ਰਬ ਦੀ ਰਜ਼ਾ ਦੇ ਵਿਰੁਧ ਹੈ, ਇਸ ਲਈ ਅਸੰਭਵ ਹੈ।

ਅਗੋਂ ਰੱਬ ਦੀਆਂ ਰੱਬ ਜਾਣੇ।

ー੧੭੨ー