ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਭੂਖੇ ਭਗਤਿ ਨ ਕੀਜੈ! ਯਹ ਮਾਲਾ ਅਪਨੀ ਲੀਜੈ ।੧। ਮਾਧੋ ਕੈਸੀ ਬਨੈ ਤੁਮ ਸੰਗੇ। ਆਪਿ ਨ ਦੇਹੁ ਤ ਲੇਵਉ ਮੰਗੇ। ਰਹਾਉ। ਦੁਇ ਸੇਰ ਮਾਂਗਉ ਚੂਨਾ [ਆਟਾ]। ਪਾਉ ਘੀਉ ਸੰਗਿ ਲੂਨਾ। ਅਧ ਸੇਰੁ ਮਾਂਗਉ ਦਾਲੇ। ਮੋਕਉ ਦੋਨਉ ਵਖਤ ਜਵਾਲੇ।੨। ਖਾਟ ਮਾਂਗਉ ਚਉਪਾਈ [ਚੌਹਾਂ ਪਾਵਿਆਂ ਵਾਲੀ ਹੋਵੇ, ਮਤਾਂ ਔਖੀ ਕਰਦੀ ਰਹੇ]। ਸਿਰਹਾਨਾ ਅਵਰ ਤੁਲਾਈ। ਊਪਰ ਕਉ ਮਾਂਗਉ ਖੀਂਧਾ। ਤੇਰੀ ਭਗਤਿ ਕਰੈ ਜਨ ਥੀਂਧਾ(ਥਿੰਧਾ ਹੋ ਕੇ, ਘਿਉ ਆਦਿ ਤਰ ਚੀਜ਼ਾਂ ਖਾ ਕੇ, ਪੇਟ ਵਲੋਂ ਖੂਬ ਤਿਆਰ-ਬਰ-ਤਿਆਰ ਹੋ ਕੇ]।੩। ਮੈ ਨਾਹੀ ਕੀੜਾ ਲਬੋ [ਕੋਈ ਨਹੀਂ। ਕੌਣ ਕਹਿੰਦਾ ਹੈ?]। ਇਕੁ ਨਾਉ ਤੇਰਾ ਮੈ ਫਬੋ। ਕਹਿ ਕਬੀਰ ਮਨੁ ਮਾਨਿਆ। ਮਨੁ ਮਾਨਿਆ ਤਉ ਹਰਿ ਜਾਨਿਆ।੪। [ਠੀਕ ਹੈ ਭਈ! ਮਨ ਰਾਜੀ ਹੋਵੇ ਤਾਹੀਓਂ ਹਰੀ ਵਲ ਧਿਆਨ ਕਰ ਸਕੀਦਾ ਹੈ। ਜੇ ਪੇਟ ਨ ਪਈਆਂ ਰੋਟੀਆਂ, ਤਾਂ ਸਭੇ ਗੱਲਾਂ ਖੋਟੀਆਂ]।

ਸਿਖ ਇਤਿਹਾਸ ਵਿਚ ਭਾਈ ਬਿਧੀ ਚੰਦ ਇਕ ਮਸ਼ਹੂਰ ਸਿੱਖ ਹੋਇਆ ਹੈ ਜੋ ਗੁਰੂ ਹਰਗੋਬਿੰਦ ਸਾਹਿਬ ਦੀ ਸੇਵਾ ਤਾਂ ਕਰਦਾ ਸੀ, ਪਰ ਉਸ ਦੀ ਹਰ ਇਕ ਗਲ ਵਿਚ ਮਖ਼ੌਲ ਤੇ ਹਾਸਾ ਭਰਿਆ ਪਿਆ ਹੁੰਦਾ ਸੀ। ਉਸ ਦੇ ਮੌਜ-ਭਰੇ ਕਾਰਨਾਮਿਆਂ ਦਾ ਜ਼ਿਕਰ ਕਰਨ ਲਗਿਆਂ ਮੈਕਾਲਫ਼ ਜਿਹਾ ਬੇਰਸਾ ਲਿਖਾਰੀ ਭੀ ਮੌਜ ਵਿਚ ਆ ਕੇ ਆਪਣੀ ਕਲਮ ਦਾ ਥਕੇਵਾਂ ਲਾਹੁੰਦਾ ਹੈ।

ਪਰ ਧਰਮ ਵਿਚ ਹਾਸ-ਰਸ ਦੀ ਸਭ ਤੋਂ ਵਧੇਰੇ ਯਕੀਨ ਦੁਆਣ ਵਾਲੀ ਮਿਸਾਲ ਸੁਥਰੇ ਸ਼ਾਹ ਦੀ ਹੈ। ਇਹ ਸਜਣ ਜਿਤਨਾ ਧਰਮ ਵਿਚ ਪੱਕਾ ਤੇ ਅਡੋਲ ਸਿਦਕੀ ਸੀ, ਉਤਨਾ ਹੀ ਹਸਮੁਖ ਤੇ ਮਖੌਲੀਆ ਭੀ ਸੀ। ਇਸ ਨੇ ਸਾਰੀ ਉਮਰ ਧਰਮ ਦਾ ਪ੍ਰਚਾਰ ਕਰਦੇ ਬਿਤਾਈ, ਪਰ ਇਸ ਪ੍ਰਚਾਰ

ー੩੮ー