ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਜਾਬੀ ਵਿਚ 'ਕਾਫ਼ੀ'

ਸੂਰਤ ਉਸ ਦੀ ਯੂਸਫ਼ ਸਾਨੀ। ਉਸ ਅਲਫ਼ੋ ਅਹਦ ਬਣਾਇਆ ਨੀ।
(ਬੁਲ੍ਹੇ ਸ਼ਾਹ)

ਇਹ ਜੋ ਮੁਰਲੀ ਕਾਨ੍ਹ ਬਜਾਈ, ਮੇਰੇ ਦਿਲ ਨੂੰ ਚੇਟਕ ਲਾਈ,
ਆਹੀਂ ਨ੍ਹਾਰੇ ਕਰਦੀ ਆਹੀ, ਮੈਂ ਰੋਵਾਂ ਜ਼ਾਰੋ ਜ਼ਾਰੀ।(ਬੁਲ੍ਹਾ)

ਨਜਦ ਦੇ ਜੰਗਲਾਂ ਦੀ ਥਾਂ ਸੱਸੀ ਦੇ ਥਲਾਂ ਨੇ ਮਲ ਲਈ, ਅਤੇ ਦਜਲੇ ਦੀ ਥਾਂ ਝਨਾਂ ਸ਼ੂਕਣ ਲਗ ਪਈ। ਮੂਸਾ ਦੇ ਇਜੜਾਂ ਦੀ ਥਾਂ ਰਾਂਝੇ ਦੀ ਸੁਰੀਲੀ ਬੰਸਰੀ ਮਗਰ ਕੁੰਡੀਆਂ ਤੇ ਬੂਰੀਆਂ ਦੇ ਵੱਗ ਭਜਦੇ ਦਿਸਣ ਲਗ ਪਏ। ਰੱਬ ਆਜੜੀ ਵਲ ਜਿੰਦ ਬਕਰੀ ਵਾਂਗੂ ਭਜਦੀ ਆਉਂਦੀ ਦਿਸੀ:

"ਵੇਖ ਬਘਿਆੜ ਤੇ ਵਾਗੀਆਂ ਨੂੰ ਤ੍ਰਹਿ ਤ੍ਰਹਿ ਤੁਧ ਈ ਵਲ ਆਵਨੀਆਂ।
ਛੀਂ ਛੀਂ ਕਰੇਂ ਮੈਨੂੰ ਚੱਜ ਨਾ ਆਵੇ, ਗੱਲ ਘੁੰਗਰੂ ਮੈਂ ਛਣਕਾਵਨੀਆਂ।
ਉਗਲ ਉਗਲ ਕੇ ਜ਼ਿਕਰ ਤੈਂਡਾ ਦਿਲ ਜੀਉ ਤੋਂ ਛਿਕ ਲਿਆਵਨੀਆਂ।
ਈਦ ਹੋਵੇ ਕੁਰਬਾਨੀ ਥੀਵਾਂ ਤਾਂ ਸੂਹਾ ਵੇਸ ਬਣਾਵਨੀਆਂ।
ਘਾਹ ਚਰਾਂ ਕਿਵੇਂ ਮੋਟੀ ਥੀਵਾਂ ਲਿੱਸੀ ਕੰਮ ਨ ਆਵਨੀਆਂ।
ਪਰ ਕਿਉਂਕਰ "ਹੈਦਰ" ਮੋਟੜੀ ਥੀਵਾਂ ਖ਼ੰਜਰ ਤੋਂ ਤਰਸਾਵਨੀਆਂ।"

ਜਿਥੇ ਈਰਾਨੀ ਸੂਫ਼ੀਆਂ ਦੀਆਂ ਮਹਫ਼ਲਾਂ ਵਿਚ ਸ਼ਰਾਬ ਦੇ ਦੌਰਾਂ ਦਾ ਜ਼ਿਕਰ ਹੁੰਦਾ ਸੀ, ਉਥੇ ਹੁਣ ਕੱਤਣ ਤੁੰਮਣ ਦਾ ਜ਼ਿਕਰ ਹੋਣ ਲੱਗਾ:

ਭੈਣਾ, ਮੈਂ ਕਤਦੀ ਕਤਦੀ ਹੁੱਟੀ।
ਪੜੀ ਪਛੀ ਪਛਵਾੜੇ ਰਹਿ ਗਈ, ਹੱਥ ਵਿਚ ਰਹਿ ਗਈ ਜੁੱਟੀ।
ਅੱਗੇ ਚਰਖਾ ਪਿਛੇ ਪੀਹੜਾ, ਹੱਥ ਮੇਰਿਓ ਤੰਦ ਟੁੱਟੀ।
ਸੈ ਵਰ੍ਹਿਆਂ ਪਿਛੋਂ ਛਲੀ ਲਾਹੀ, ਕਾਗ ਮਰੇਂਦਾ ਝੁੱਟੀ।
ਭਲਾ ਹੋਇਆ ਮੇਰਾ ਚਰਖਾ ਟੁਟਾ, ਜਿੰਦ ਅਜ਼ਾਬੋਂ ਛੁੱਟੀ।(ਬੁੱਲ੍ਹਾ)

ਇਸੇ ਤਰ੍ਹਾਂ ਸ਼ਾਹ ਹੁਸੈਨ, ਜੋ ਜੁਲਾਹੇ ਦਾ ਕੰਮ ਕਰਦੇ ਸਨ, ਆਪਣੇ

ー੫੩ー