ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੰਗਾ ਹੈ। ਜਿਤਨੇ ਅਸੀਂ ਬਾਹਰੋਂ ਸੋਹਣੇ ਉਤਨੇ ਹੀ ਅੰਦਰੋਂ ਮਨ ਦੇ ਕਾਲੇ। ਨਵੇਂ ਨਵੇਂ ਸ਼ਿਕਾਰ ਫਸਾਉਂਦੇ ਹਾਂ, ਹਜ਼ਾਰਾਂ ਨਹੀਂ ਬਲਕਿ ਲਖਾਂ ਰੁਪੈ ਲੁਟਦੇ ਹਾਂ, ਪਰ ਸਾਡੇ ਕੋਲ ਕੋਹੜ ਤੋਂ ਬਿਨਾਂ ਕੁਝ ਵੀ ਨਹੀਂ। ਸਾਡੇ ਪਾਸ ਬੜੇ ਬੜੇ ਲਖਾਂ ਪਤੀ ਆਏ, ਆਪਣੀ ਤਬਾਹੀ ਲੈਕੇ ਚਲੇ ਗਏ। ਇਹ ਹੈ ਮੇਰੀ 'ਕਹਾਣੀ।'

ਬੋਲਦੀ ਬੋਲਦੀ ਨੂਰਾਂ ਚੁਪ ਹੋ ਗਈ, ਉਸਦਾ ਗਲਾ ਖੁਸ਼ਕ ਹੋ ਗਿਆ ਜਾਪਦਾ ਸੀ। ਅਖਾਂ ਅਥਰੂਆਂ ਨਾਲ ਭਰੀਆਂ ਹੋਈਆਂ ਸਨ। ਉਸ ਦੇ ਮੂੰਹ ਵਿਚੋਂ ਅਚਾਨਕ ਇਕ ਆਹ ਨਿਕਲ ਗਈ ਤੇ ਫਿਰ ਮੇਰੇ ਵਲ ਤਕਕੇ ਬੋਲੀ, 'ਮੈਂ ਤੁਹਾਨੂੰ ਕੁਝ ਵੀ ਨਾ ਦਸਣਾ ਚਾਹੁੰਦੀ ਹੋਈ ਵੀ ਸਭ ਕੁਝ ਕਹਿ ਗਈ ਹਾਂ। ਸਾਡੇ ਅੰਗ ਅੰਗ ਵਿਚੋਂ ਮਨੁੱਖ ਜਾਤੀ ਦੇ ਜ਼ੁਲਮਾਂ ਦੀਆਂ ਚੀਸਾਂ ਨਿਕਲ ਰਹੀਆਂ ਹਨ। ਪਰ ਫਿਰ ਵੀ ਅਸੀਂ ਮਨੁੱਖਾਂ ਨੂੰ ਖਿੜੇ ਮਥੇ ਮਿਲਦੀਆਂ ਹਾਂ। ਅਸੀਂ ਆਪਣੀ ਤਬਾਹੀ ਦੇ ਸਾਧਨ ਪੈਦਾ ਕਰਦੀਆਂ ਹਾਂ, ਪਰ ਮਨੁਖ ਜਾਤੀ ਨਾਲ, ਹਸਕੇ ਬੋਲਦੀਆਂ ਹਾਂ। ਮਨੁਖ ਸਾਡੇ ਕੋਲ ਆਉਂਦੇ ਹਨ, ਸਾਡੇ ਸਰੀਰ ਨੂੰ ਇਲਾਂ ਵਾਂਗ ਨੋਚਦੇ ਹਨ. ਜਿਦਾਂ ਕੁਤਾ ਮਾਸ ਦੀ ਹੱਡੀ ਨੂੰ ਚੂਸਦਾ ਹੈ, ਉਹ ਸਾਡੇ ਸਰੀਰ ਨੂੰ ਚੂਸਦੇ ਹਨ, ਭੰਨਦੇ ਹਨ. ਤਰੋੜਦੇ ਹਨ, ਚਟਦੇ ਹਨ, ਪਰ ਅਸੀਂ ਇਕ ਲਫਜ਼ ਤਕ ਮੂੰਹੋਂ ਨਹੀਂ ਕਢਦੀਆਂ। ਮਨੁਖ ਇਸਤ੍ਰੀ ਨੂੰ ਇਕ ਮਿੱਟੀ ਦੇ ਖਿਡੌਣੇ ਦੀ ਤਰ੍ਹਾਂ ਸਮਝਦਾ ਹੈ, ਜਦ ਜੀਅ ਕੀਤਾ ਖੇਡ ਲਿਆ ਤੇ ਫਿਰ ਭੰਨ ਤੋੜਕੇ ਵਗਾਹ ਮਾਰਿਆ।”

ਨੂਰਾਂ ਚੁਪ ਹੋ ਗਈ, ਉਸਦਾ ਚਿਹਰਾ ਬਹੁਤ ਬੋਲਣ ਕਰਕੇ ਲਾਲ ਹੋ ਗਿਆ ਸੀ। ਸਰੀਰ ਕੁਝ ਥਕਿਆ ਥਕਿਆ ਜਾਪਦਾ ਸੀ। ਆਪਣੇ ਆਪ ਨੂੰ ਸੰਭਾਲਦੀ ਨੂਰਾਂ ਬੋਲੀ,

‘ਬਸ ਹੁਣ ਤਾਂ ਖੁਸ਼ ਹੋ ਨਾ ਮੇਰੀ ਕਹਾਣੀ ਸੁਣਕੇ?'

‘ਪਰ ਤੁਸਾਂ ਆਪਣੀ ਜੀਵਨ ਕਥਾ ਤਾਂ ਸੁਣਾਈ ਹੀ ਨਹੀਂ।'

‘ਹੋਰ ਹੁਣ ਕੀ ਚਾਹੁੰਦੇ ਹੋ?'

-੧੨੬-