ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆ ਗਿਆ। ਗੁਸੇ ਦੇ ਲਹਿਜੇ ਵਿਚ ਬੋਲਿਆ, 'ਅਛਾ ਤੂੰ ਤਾਂ ਉਲਟੀ ਹੀ ਪੈ ਗਈ ਏਂ? ਜੇ ਤੂੰ ਆਪਣੀ ਖੈਰ ਚਾਹੁੰਦੀ ਏਂ ਤਾਂ ਇਕ ਹਫਤੇ ਦੇ ਅੰਦਰ ਅੰਦਰ ਇਸ ਗਲੀ ਵਿਚੋਂ ਨਿਕਲ ਜਾ ਨਹੀਂ ਤੇ...... '

'ਨਹੀਂ ਤੇ?' ਮੈਂ ਟੋਕਿਆ,

‘ਨਹੀਂ ਤੇ ਜ਼ਬਰਦਸਤੀ ਕਢਾਵਾਂਗਾ। ਸਾਡੀਆਂ ਵੀ ਮਾਵਾਂ ਭੈਣਾਂ ਗਲੀ ਵਿਚ ਰਹਿੰਦੀਆਂ ਹਨ, ਅਸੀਂ ਇਹ ਨਹੀਂ ਬਰਦਾਸ਼ਤ ਕਰ ਸਕਦੇ ਕਿ ਕੋਈ ਵੇਸਵਾ ਗਲੀ ਵਿਚ ਆਕੇ ਰਹੇ, ਉਹ ਕੜਕਿਆ।

‘ਚੌਧਰੀ ਜੀ ਮੈਂ ਤੁਹਾਡੀ ਧੀ ਨਾਲੋਂ ਘਟ ਨਹੀਂ, ਆਖਰ ਇਸ ਵਿਚ ਮੇਰਾ ਕੀ ਦੋਸ਼ ਹੈ' ਮੈਂ ਗਿੜ ਗੜਾਈ ਤੇ ਰੋਣ ਲਗ ਪਈ। ‘ਮੈਂ ਕੁਝ ਨਹੀਂ ਜਾਣਦਾ, ਇਸ ਹਫਤੇ ਦੇ ਅੰਦਰ ਅੰਦਰ.....' ਤੇ ਉਹ ਚਲਾ ਗਿਆ।

ਅੰਤ ਹੋਇਆ ਉਹੋ ਜੋ ਕੁਝ ਚੌਧਰੀ ਕਹਿਕੇ ਗਿਆ ਸੀ। ਮੈਨੂੰ ਬੜੀ ਬੇ ਤਰਸੀ ਨਾਲ ਗਲੀ ਵਿਚੋਂ ਕਢ ਦਿਤਾ ਗਿਆ। ਮੈਂ ਬਿਲਕੁਲ ਇਕਲੀ ਸਾਂ, ਬੇ-ਆਸਰਾ, ਲਾਚਾਰ। ਮੈਨੂੰ ਕੋਈ ਰਾਹ ਨਜ਼ਰ ਨਹੀਂ ਸੀ ਆਉਂਦਾ। ਨਿਰਾਸਤਾ ਦੇ ਕਾਲੇ ਬਦਲਾਂ ਨੇ ਹਰ ਪਾਸੇ ਹਨੇਰਾ ਹੀ ਹਨੇਰਾ ਕੀਤਾ ਹੋਇਆ ਸੀ। ਮੈਂ ਸੋਚਿਆ ਕਿਉਂ ਨਾ ਦੁਨੀਆਂ ਦੇ ਦੁਖਾਂ ਤੋਂ ਛੁਟਕਾਰਾ ਪਾ ਜਾਵਾਂ, ਪਰ ਮੂੰਹ ਮੰਗਿਆ ਤਾਂ ਮੌਤ ਵੀ ਨਹੀਂ ਮਿਲਦੀ। ਫਿਰ ਖਿਆਲ ਆਇਆ ਕਿਉਂ ਨਾ ਜ਼ਾਲਮ ਖੂਨੀ ਸਮਾਜ ਕੋਲੋਂ ਬਦਲਾ ਲਵਾਂ। ਜੇ ਸਮਾਜ ਦੇ ਠੇਕੇਦਾਰ ਮੇਰੀ ਬਰਬਾਦੀ ਤੇ ਹੀ ਖੁਸ਼ ਹਨ ਤਾਂ ਕਿਉਂ ਨਾ ਇਨ੍ਹਾਂ ਨੂੰ ਵੀ ਬਰਬਾਦ ਕਰਾਂ, ਤਬਾਹ ਕਰਾਂ।

ਮੇਰੇ ਅੰਦਰ ਇੰਤਕਾਮ ਦੀ ਜਵਾਲਾ ਭੜਕ ਉਠੀ, ਬਦਲੇ ਦੇ ਭਾਂਬੜ ਮਚ ਉਠੇ। ਮੈਂ ਨਾਚ ਗਾਣਾ ਸਿਖਿਆ ਤੇ ਅੰਤ ਇਸੇ ਚੁਬਾਰੇ ਵਿਚ ਆ ਡੇਰੇ ਲਾਏ ਜਿਥੇ ਹੁਣ ਤੁਸੀਂ ਬੈਠੇ ਹੋ?

-੧੨੯-