ਪੰਨਾ:ਨਿਰਮੋਹੀ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੨

ਨਿਰਮੋਹੀ

ਵਾਰੀ ਅਲਗ ਹੋਏ ਨੇ ਤਾਂ ਜੀ ਨਹੀਂ ਲਗਦਾ ਦੋਵਾਂ ਦਾ। ਕਿੱਨੀ ਵਾਰੀ ਰਾਮ ਰਤਨ ਕਹਿ ਚੁਕਿਆ ਏ ਕਿ ਪ੍ਰੇਮ ਦੀ ਸ਼ਾਦੀ ਮੈਂ ਮਾਲਾ ਨਾਲ ਕਰਨੀ ਹੈ। ਅਰ ਇਧਰ ਪ੍ਰੇਮ ਹੈ ਕਿ ਰੋਜ਼ ਉਦਾਸ ਰਹਿੰਦਾ ਹੈ। ਕਿੱਨੀ ਵਾਰੀ ਮੇਰੇ ਕੋਲੋਂ ਲਖਨਊ ਜਾਣ ਦੀ ਛੁਟੀ ਮੰਗ ਚੁਕਿਆ ਹੈ।

ਪਰ ਤੁਹਾਨੂੰ ਇਸ ਸਾਰੀ ਗਲ ਦਾ ਕਿੱਦਾਂ ਪਤਾ ਲਗਾ?

ਐਹ ਦੇਖ, ਅਜ ਈ ਮੈਨੂੰ ਰਾਮ ਰਤਨ ਦੀ ਚਿਠੀ ਆਈ ਏ। ਉਸ ਲਿਖਿਆ ਏ ਪ੍ਰੇਮ ਨੇ ਕਾਲਜ ਦੀ ਐਫ. ਏ. ਕਲਾਸ ਵਿਚ ਦਾਖਲ ਹੋਨਾ ਹੈ। ਤੁਸੀਂ ਇਸ ਨੂੰ ਜਲਦੀ ਭੇਜੋ ਦਿਉ ਤਾਂ ਕਿ ਵਕਤ ਨਾ ਗੁਜ਼ਰ ਜਾਏ, ਅਰ ਦਾਖਲੇ ਬੰਦ ਨਾ ਹੋ ਜਾਨ। ਜੇ ਕਿਧਰੇ ਦਾਖਲੇ ਬੰਦ ਹੋ ਗਏ ਤਾਂ ਐਵੇਂ ਖਾਹ ਮੁਖਾਹ ਇਕ ਸਾਲ ਮਾਰਿਆ ਜਾਵੇਗਾ ਵਿਚਾਰੇ ਦਾ। ਹੁਣ ਦਸ ਤੂੰ, ਕਿਸ ਤਰਾਂ ਕੀਤਾ ਜਾਏ?

'ਕਰਨਾ ਕੀ ਚਾਹੀਦਾ ਹੈ,' ਰਾਮ ਪਿਆਰੀ ਬੋਲੀ। 'ਅਸੀ ਪ੍ਰੇਮ ਨੂੰ ਨਹੀਂ ਭੇਜਨਾ। ਜੇ ਉਹ ਮਾਲਾ ਬਾਰੇ ਕਹਿਣਗੇ ਕਿ ਅਸੀਂ ਕਠੇ ਪੜ੍ਹਾਣਾ ਹੈ ਤਾਂ ਅਸੀਂ ਉਸ ਨੂੰ ਵੀ ਏਥੇ ਈ ਸਦਾ ਲਵਾਂਗੇ। ਪਰ ਪ੍ਰੇਮ ਨੂੰ ਹੁਣ ਲਖਨਊ ਨਹੀਂ ਭੇਜ ਸਕਦੇ।'

'ਫੇਰ ਰਾਮ ਰਤਨ ਨੂੰ ਲਿਖੀਏ ਇਸ ਤਰਾਂ?'

'ਜੋ ਕੁਝ ਵੀ ਲਿਖਣਾ ਹੈ ਮੈਂ ਆਪੇ ਹੀ ਲਿਖ ਦੇਂਦੀ ਹਾਂ, ਤੁਸੀਂ ਚੁਪ ਕਰਕੇ ਆਰਾਮ ਨਾਲ ਬੈਠੇ ਰਹੋ। ਇਹ ਕਹਿ ਉਹ ਚਿਠੀ ਲਿਖਣ ਲਗੀ।