ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/123

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਸਿੱਠਣੀਆਂ

ਪੰਜਾਬੀ ਲੋਕ ਗੀਤ ਕਈ ਰੂਪਾਂ ਵਿੱਚ ਮਿਲਦੇ ਹਨ। ਲੋਰੀਆਂ, ਗਿੱਧੇ ਦੀਆਂ ਬੋਲੀਆਂ, ਸਾਵੇਂ ਤੇ ਤ੍ਰਿੰੰਜਣ ਦੇ ਲੰਮੇ ਗਾਉਣ, ਘੋੜੀਆਂ, ਸੁਹਾਗ, ਹੇਰੇ, ਸਿੱਠਣੀਆਂ ਤੇ ਦੋਹੇ ਆਦਿ ਪੰਜਾਬੀ ਲੋਕ ਗੀਤਾਂ ਦੇ ਭਵਿੰਨ ਰੂਪ ਹਨ।
ਹੇਰੇ, ਸਿੱਠਣੀਆਂ, ਸੁਹਾਗ ਅਤੇ ਘੋੜੀਆਂ ਮੰਗਣੇ ਅਤੇ ਵਿਆਹ ਦੀਆਂ ਰਸਮਾਂ ਨਾਲ਼ ਸੰਬੰਧ ਰਖਦੇ ਗੀਤ ਹਨ। ਮੁੰਡੇ ਦੇ ਘਰ ਘੋੜੀਆਂ ਗਾਈਆਂ ਜਾਂਦੀਆਂ ਹਨ ਤੇ ਕੁੜੀ ਵਾਲੇ ਘਰ ਸੁਹਾਗ ਗਾਉਣ ਦੀ ਪਰੰਪਰਾ ਹੈ।
ਮੰਗਣੇ ਅਤੇ ਵਿਆਹ ਦੇ ਅਵਸਰ ਤੇ ਨਾਨਕਿਆਂ ਦਾਦਕਿਆਂ ਵਲੋਂ ਇਕ ਦੂਜੇ ਨੂੰ ਦਿੱਤੀਆਂ ਸਿੱਠਣੀਆਂ ਅਤੇ ਜੰਜ ਅਥਵਾ ਬਰਾਤ ਦਾ ਹੇਰਿਆਂ ਸਿੱਠਣੀਆਂ ਨਾਲ਼ ਸੁਆਗਤ ਦੋਹਾਂ ਧਿਰਾਂ ਲਈ ਖ਼ੁਸ਼ੀ ਪਰਦਾਨ ਕਰਦਾ ਹੈ।
ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ "ਸਿੱਠਣੀ ਦਾ ਭਾਵ ਅਰਥ ਵਯੰਗ ਨਾਲ਼ ਕਹੀ ਹੋਈ ਬਾਣੀ ਹੈ। ਵਿਆਹ ਸਮੇਂ ਇਸਤਰੀਆਂ ਜੋ ਗਾਲ਼ੀਆਂ ਨਾਲ਼ ਮਲਾਕੇ ਗੀਤ ਗਾਉਂਦੀਆਂ ਹਨ, ਉਹਨਾਂ ਦੀ ਸਿੱਠਣੀ ਸੰਗਯਾ ਹੈ।" ਮਨੋਰੰਜਣ ਦੇ ਮਨੋਰਥ ਨਾਲ਼ ਸਿੱਠਣੀਆਂ ਰਾਹੀਂ ਇਕ ਧਿਰ ਦੂਜੀ ਧਿਰ ਦਾ ਵਿਅੰਗ ਰਾਹੀਂ ਮਖੌਲ ਉਡਾਉਂਦੀ ਹੈ। ਇਹ ਗੀਤ ਕਿਸੇ ਮੰਦ ਭਾਵਨਾ ਅਧੀਨ ਨਹੀਂ ਬਲਕਿ ਸਦਭਾਵਨਾ ਅਧੀਨ ਵਿਨੋਦ ਭਾਵ ਉਪਜਾਉਣ ਲਈ ਗਾਏ ਜਾਂਦੇ ਹਨ।
ਜਿਵੇਂ ਕਿ ਪਹਿਲਾਂ ਵਰਨਣ ਕੀਤਾ ਗਿਆ ਹੈ ਵਿਆਹ ਦੇ ਗੀਤਾਂ ਨੂੰ ਅਸੀਂ ਚਾਰ ਰੂਪਾਂ ਵਿੱਚ ਵੰਡਦੇ ਹਾਂ-ਘੋੜੀਆਂ, ਸੁਹਾਗ, ਸਿੱਠਣੀਆਂ ਅਤੇ ਹੇਰੇ। ਘੋੜੀਆਂ ਮੁੰਡੇ ਦੇ ਵਿਆਹ ਤੇ ਗਾਈਆਂ ਜਾਂਦੀਆਂ ਹਨ, ਕੁੜੀ ਦੇ ਵਿਆਹ ਸਮੇਂ ਗਾਏ ਜਾਂਦੇ ਗੀਤਾਂ ਨੂੰ ਸੁਹਾਗ ਆਖਦੇ ਹਨ। ਹੇਰੇ ਅਤੇ ਸਿੱਠਣੀਆਂ ਮੁੰਡੇ ਕੁੜੀ ਦੇ ਵਿਆਹ ਸਮੇਂ ਕੱਠੇ ਹੀ ਗਾਏ ਜਾਂਦੇ ਹਨ।
ਵਿਆਹ ਦਾ ਸਮਾਂ ਹਾਸ ਹੁਲਾਸ ਦਾ ਸਮਾਂ ਹੁੰਦਾ ਹੈ। ਇਸ ਅਵਸਰ ਤੇ ਪੰਜਾਬੀ ਆਪਣੇ ਖਿੜਵੇਂ ਰੌਂ ਵਿੱਚ ਨਜ਼ਰ ਆਉਂਦੇ ਹਨ। ਪੰਜਾਬੀਆਂ ਦਾ ਖੁਲ੍ਹਾ ਡੁੱਲ੍ਹਾ ਹਾਸਾ ਤੇ ਸੁਭਾਅ ਵਿਆਹ ਸਮੇਂ ਹੀ ਉਘੜਵੇਂ ਰੂਪ ਵਿੱਚ ਪ੍ਰਗਟ ਹੁੰਦਾ ਹੈ।
ਸਿੱਠਣੀਆਂ ਰਾਹੀਂ ਔਰਤਾਂ ਆਪਣੇ ਮਨਾਂ ਦੇ ਗੁਭ ਗੁਵਾੜ ਕੱਢਦੀਆਂ ਹਨ। ਉਂਜ ਤੇ ਤੀਵੀਆਂ ਨੂੰ ਕੌਣ ਕੁਸਕਣ ਦਿੰਦਾ ਹੈ। ਮਰਦ ਉਸ ਤੇ ਸਦਾ ਜ਼ੁਲਮ ਕਰਦਾ ਆਇਆ ਹੈ। ਉਹ ਉਹਨੂੰ ਮਾਰਦਾ ਕੁਟਦਾ ਹੈ, ਗੰਦੀਆਂ ਤੋਂ ਗੰਦੀਆਂ ਗ਼ਾਲ਼ੀਆਂ ਕਢਦਾ ਹੈ। ਸੱਸ, ਸਹੁਰੇ ਦਾ ਦਾਬਾ ਵਖਰਾ। ਪੰਜਾਬਣ ਸਦਾ ਸੁੰਗੜੀ ਸੁੰਗੜੀ ਰਹੀ ਹੈ। ਸਿਰਫ ਵਿਆਹ ਦਾ ਹੀ ਅਵਸਰ ਹੁੰਦਾ ਹੈ ਜਿੱਥੇ ਉਹ ਆਪਣੇ ਦੱਬੇ ਭਾਂਬੜ ਬਾਹਰ ਕੱਢਦੀ ਹੈ। ਉਹ ਸਿੱਠਣੀਆਂ ਦੇ ਰੂਪ ਵਿੱਚ ਲਾੜੇ ਨੂੰ, ਉਸ ਦੇ ਮਾਂ, ਬਾਪ, ਭੈਣਾਂ ਨੂੰ ਖੂਬ ਪੁਣਦੀ ਹੈ, ਉਹਨਾਂ ਦੀਆਂ ਕਮਜ਼ੋਰੀਆਂ ਦਾ ਮਖੌਲ ਉਡਾਉਂਦੀ ਹੈ। ਹਰ ਪਾਸੇ ਮਖੌਲ ਹੀ ਮਖੌਲ! ਕੋਈ ਗੁੱਸਾ ਨਹੀਂ, ਫੇਰ ਉਹ ਅਜਿਹੇ ਅਵਸਰ ਦਾ ਲਾਭ ਕਿਉਂ ਨਾਂ ਉਠਾਵੇ।117