ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/66

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਰੋਕਿਆ, ਜੋ ਰੂਸੀ ਲੋਕਾਂ ਦੇ ਅੰਧਵਿਸ਼ਵਾਸ ਅਨੁਸਾਰ ਕੰਮ ਕਰਨ ਦੀ ਬਜਾਏ ਜਗ੍ਹਾ ਜਗ੍ਹਾ ਭਟਕਦੇ ਹਨ।

ਇਹ ਰਈਸ ਲੋਕ ਇਹ ਸਮਝਦੇ ਹੋਏ ਫਰਾਂਸੀਸੀ ਵਿਚ ਗੱਲਾਂ ਕਰ ਰਹੇ ਸਨ ਕਿ ਤੀਰਥ-ਯਾਤਰੀਆਂ ਵਿਚੋਂ ਕਿਸੇ ਨੂੰ ਵੀ ਉਹਨਾਂ ਦੀਆਂ ਗੱਲਾਂ ਦੀ ਸਮਝ ਨਹੀਂ ਆ ਰਹੀ।

"ਇਹਨਾ ਨੂੰ ਪੁਛੋ", ਫਰਾਂਸੀਸੀ ਨੇ ਕਿਹਾ, "ਇਹਨਾਂ ਨੂੰ ਪੁਛੋ ਕਿ ਕੀ ਇਹਨਾਂ ਨੂੰ ਇਸ ਗੱਲ ਦਾ ਪੱਕਾ ਯਕੀਨ ਹੈ ਕਿ ਪ੍ਰਮਾਤਮਾ ਉਹਨਾਂ ਦੀ ਇਸ ਤੀਰਥਯਾਤਰਾ ਨਾਲ ਖੁਸ਼ ਹੁੰਦਾ ਹੈ?"

ਜਦੋਂ ਇਹਨਾਂ ਲੋਕਾਂ ਤੋਂ ਪੁੱਛਿਆ ਗਿਆ ਤਾਂ ਬੁੱਢੀ ਔਰਤ ਨੇ ਜਵਾਬ ਦਿਤਾ:

"ਜਿਸ ਤਰ੍ਹਾਂ ਪ੍ਰਮਾਤਮਾ ਚਾਹੇ। ਪੈਰ ਤਾਂ ਤੀਰਥਾਂ ਤੇ ਹੋ ਆਏ, ਦਿਲ ਦੀ ਪ੍ਰਮਾਤਮਾ ਜਾਣੇ।

"ਸੈਨਿਕ ਨੇ ਇਸ ਸਵਾਲ ਦਾ ਇਹ ਜਵਾਬ ਦਿਤਾ ਕਿ ਉਹ ਇਕੱਲਾ ਹੈ, ਟਿਕਾਣਾ ਕੋਈ ਨਹੀਂ।

ਕਸ਼ਾਤਸਕੀ ਤੋਂ ਪੁਛਿਆ ਗਿਆ ਕਿ ਉਹ ਕੌਣ ਹੈ।

"ਪ੍ਰਮਾਤਮਾ ਦਾ ਦਾਸ।"

"ਕੀ ਕਿਹਾ ਹੈ ਉਸਨੇ? ਜਵਾਬ ਨਹੀਂ ਦਿਤਾ?"

"ਉਸਨੇ ਕਿਹਾ ਹੈ ਕਿ ਪ੍ਰਭੂ ਦਾ ਦਾਸ ਹਾਂ।"

"ਇਹ ਜ਼ਰੂਰ ਕਿਸੇ ਪਾਦਰੀ ਦਾ ਲੜਕਾ ਹੈ, ਉੱਚੀ ਕੁਲ ਦਾ ਹੈ। ਤੁਹਾਡੇ ਪਾਸ ਕੁਝ ਭਾਨ ਹੈ?"

"ਫਰਾਂਸੀਸੀ ਨੇ ਭਾਨ ਕੱਢਿਆ ਤੇ ਹਰ ਇਕ ਨੂੰ ਵੀਹ ਵੀਹ ਕੋਪੇਕ ਦੇ ਦਿਤੇ।

"ਇਹਨਾਂ ਨੂੰ ਕਹਿ ਦੇਵੋ ਕਿ ਮੋਮਬਤੀਆਂ ਲਈ ਨਹੀਂ, ਬਲਕਿ ਇਸ ਲਈ ਪੈਸੇ ਦਿੱਤੇ ਹਨ ਕਿ ਇਹ ਲੋਕ ਚਾਹ ਪੀਣ।"

"ਤੁਹਾਡੇ ਲਈ ਚਾਹ, ਦਾਦਾ ਚਾਹ। ਉਸਨੇ ਮੁਸਕਰਾਉਂਦਿਆਂ ਹੋਇਆਂ ਕਿਹਾ ਤੇ ਦਸਤਾਨਾ ਪਾਏ ਹੱਥਾਂ ਨਾਲ ਕਸਾਤਸਕੀ ਦਾ ਮੋਢਾ ਥਪਕਿਆ।

"ਈਸਾ ਮਸੀਹ ਤੁਹਾਡੀ ਰਖਿਆ ਕਰੇ," ਕਸਾਤਸਕੀ ਨੇ ਟੋਪੀ ਹੱਥ ਵਿਚ ਫੜੀ ਆਪਣਾ ਗੰਜਾ ਸਿਰ ਝੁਕਾਕੇ ਕਿਹਾ।

ਕਸਾਤਸਕੀ ਨੂੰ ਇਸ ਮੁਲਾਕਾਤ ਨਾਲ ਇਸ ਲਈ ਪ੍ਰਸੰਨਤਾ ਹੋਈ ਕਿ ਉਹ ਆਪਣੇ ਬਾਰੇ ਵਿਚ ਲੋਕਾਂ ਦੀ ਰਾਏ ਦੀ ਪ੍ਰਵਾਹ ਨਾ ਕਰਦੇ ਹੋਏ ਬਹੁਤ ਹੀ ਸਾਧਾਰਨ, ਬਹੁਤ ਹੀ ਮਾਮੂਲੀ ਕੰਮ ਕਰਨ ਵਿਚ ਸਫਲ ਹੋਇਆ ਸੀ। ਉਸਨੇ ਬੜੀ ਹੀ ਨਿਮਰਤਾ ਨਾਲ ਵੀਹ ਕੋਪੇਕ ਲੈ ਕੇ ਆਪਣੇ ਸਾਥੀ, ਅੰਨ੍ਹੇ ਫਕੀਰ ਨੂੰ ਦੇ ਦਿੱਤੇ ਸਨ। ਜਨਤਕ-ਰਾਏ ਨੂੰ ਜਿੰਨੀ ਵੀ ਉਹ ਘੱਟ ਮਹੱਤਤਾ ਦਿੰਦਾ ਸੀ, ਓਨਾ ਹੀ ਜ਼ਿਆਦਾ ਉਸਨੂੰ ਪ੍ਰਮਾਤਮਾ ਦਾ ਅਹਿਸਾਸ ਹੁੰਦਾ ਸੀ।

60