ਸਮੱਗਰੀ 'ਤੇ ਜਾਓ

ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੬

18-11-13

ਪਿਆਰੇ ਜੀ,

ਤੁਸੀਂ ਆਪਣਾ ਵਕਤ ਸੁਖਦਾਤੇ ਸਤਿਗੁਰੂ ਨਾਨਕ ਦੇ ਪਿਆਰ ਵਿਚ, ਵਾਹਿਗੁਰੂ ਸਿਮਰਨ ਵਿਚ ਲਾਇਆ ਕਰੋ। ਅਜ ਕਲ ਰਾਤਾਂ ਵੱਡੀਆਂ ਹਨ। ਸਵੇਰੇ ਉਠਣਾ, ਕੀਰਤਨ ਕਰਨਾ, ਟੁਰਦੇ ਫਿਰਦੇ ਸਿਮਰਨ ਵਿਚ ਰਹਿਣਾ, ਏਹੀ ਸਾਈਂ ਦੀਆਂ ਦਾਤਾਂ ਹਨ, ਜਿਨ੍ਹਾਂ ਵਿਚ ਰਹਿ ਕੇ ਲੋਕ ਸੁਖੀ ਪ੍ਰਲੋਕ ਸੁਹੇਲੇ ਜਾਈਦਾ ਹੈ।

ਨਾਮ ਦਾ ਰੰਗ ਇਕ ਵੇਰ ਚੜ੍ਹ ਕੇ ਲਗਾਤਾਰ ਤਦੇ ਰਹਿ ਸਕਦਾ ਹੈ ਕਿ ਸੁਰਤ ਕਦੇ ਕੁਸੰਗ ਨਾ ਕਰੇ। ਸੁਰਤ ਦੇ ਕੁਸੰਗ ਤ੍ਰੈ ਹਨ:—

1.ਕਿਸੇ ਤੋਂ ਭੈ ਖਾਣਾ;
2.ਕਿਸੇ ਨਾਲ ਮੋਹ ਕਰਨਾ,
3.ਕਿਸੇ ਨਾਲ ਵੈਰ ਕਰਨਾ,

ਤੇ ਇਕ ਹੋਰ ਹੈ:—

4.ਸੰਸੇ ਭਰਮ ਵਿਚ ਜਾਣ।

ਜਦ ਸੁਰਤ ਸੰਸਾਰ ਝਮੇਲਿਆਂ, ਹਾਨਾਂ ਤੇ ਲਾਭਾਂ ਤੋਂ ਆਸ ਅੰਦੇਸ਼ ਵਿਚ ਚਲੀ ਜਾਂਦੀ ਹੈ, ਸੁਖ, ਮਾਰਿਆ ਜਾਂਦਾ ਹੈ। ਜੇ ਸੁਰਤ ‘ਹੋਊ ਪਰੇ' ਦਾ ਸਬਕ ਪੜ੍ਹੇ, ਉਚੀ ਰਹੇ ਤਾਂ ਕਦੇ ਇਕ ਵੇਰ ਦਾ ਆਇਆ ਰਸ ਜ਼ਾਯਲ ਨਾਂ ਹੋਵੇ। ਪਰ ਇਸ ਅੰਤ੍ਰੀਵ ਕੁਸੰਗ ਦੀ ਗਤੀ ਕਠਨ ਹੈ ਅਰ ਬੜੇ ਪ੍ਰਬਲ ਸਤਿਸੰਗ ਨਾਲ ਦੂਰ ਹੁੰਦੀ ਹੈ। ਸਤਿਗੁਰ ਦੇ ਚਰਨਾਂ ਦਾ ਧਿਆਨ ਇਸੇ ਕਰ ਕੇ ਕਰੀਦਾ ਹੈ, ਜੋ ਸੁਰਤ ਰਸ ਵਿਚ ਰਹਵੇ। ਸੋਚਾਂ ਅੰਦੇਸਿਆਂ ਤੋਂ ਬਚਿਆ ਕਰੋ, ਫੇਰ ਰਸ ਨਹੀਂ ਤੁਟ ਸਕਦਾ, ਗੁਰੂ ਚਿਤ ਆਵੇ।

-ਵੀਰ ਸਿੰਘ

ਪਿਆਰੇ ਜੀਓ

153