ਸਮੱਗਰੀ 'ਤੇ ਜਾਓ

ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੦

ਪਿਆਰੇ ਜੀ,

ਦੁੱਧ ਪੀਣਾ ਸਰੀਰ ਨੂੰ ਸੁਖਾਂਦਾ ਹੈ, ਪਰ ਨਿਰਾ ਖੋਯਾ ਅਣਪਚਾ ਕਰਦਾ ਹੈ। ਹਉਮੈ ਦਾ ਸਹਿਜੇ ਘਟਣਾ ਤੇ ਸਤਿਗੁਰ ਦੇ ਪਿਆਰ ਦਾ ਵਧਣਾ ਐਉਂ ਜੇ ਸਨੇ ਸਨੇ ਤਬੀਅਤ ਪੱਕਦੀ ਹੈ, ਚੰਗੀ ਹੈ। ਜੋ ਇਕੋ ਵੇਰ ਹਉਮੈ ਦਾ ਮਾਰਨਾ ਕਰੀਦਾ ਹੈ, ਉਹ ਮਰਦੀ ਨਹੀਂ। ਫੁਨਰ (ਘੜੀ ਦੇ ਸਪਰਿੰਗ) ਵਾਂਙੂ ਕੱਠੀ ਹੋ ਕੇ ਫੇਰ ਮਾਰ ਕਰਦੀ ਹੈ। ਸਤਿਗੁਰ ਦਾ (ਬਖ਼ਸ਼ਿਆ ਨਾਮ) ਅਭਯਾਸ ਖੁਸ਼ਕ ਯੋਗ ਮਾਰਗ ਨਹੀਂ ਹੈ। ਪਿਆਰ ਕਰਨਾ, ਤਰਸ ਤੇ ਦਯਾ ਕਰਨੀ, ਪਸੀਜਣਾ, ਦੁਖੀਆਂ ਦੇ ਦੁੱਖ ਦੂਰ ਕਰਨੇ, ਸਤਿਗੁਰ ਦੇ ਪਿਆਰ ਵਿਚ ਦ੍ਰਵੀਭੂਤ ਹੋਣਾ ਜ਼ਰੂਰੀ ਸਾਮਾਨ ਹਨ। ਸਿੱਖ ਉਹ ਹੈ ਜੋ:

1.ਹੱਕ ਰਖਦਾ ਹੈ ਤੇ ਹੱਕ ਦੇਂਦਾ ਹੈ। ਜੋ ਆਪਣੇ ਹੱਕ ਦੇ ਨਾਲ ਫਰਜ਼ ਆਪਣੇ ਨੂੰ ਬੀ ਪਛਾਣਦਾ ਹੈ ਐਸਾ ਸਿੱਖ ਨਿਆਂ ਕਰਦਾ ਹੈ।

2.ਜੋ ਸਿੱਖ ਆਪਣੇ ਹੱਕ ਨੂੰ ਵਿਸਾਰਦਾ ਹੈ, ਦੂਏ ਦੇ ਨੂੰ ਪਛਾਣਦਾ ਹੈ, ਫਰਜ਼ ਹੀ ਨਹੀਂ ਅਦਾ ਕਰਦਾ ਸਗੋਂ ਦੂਏ ਦਾ ਦੁੱਖ ਹਰਦਾ ਹੈ ਤੇ ਆਪਣੇ ਸੁਖ ਦੂਏ ਨੂੰ ਦੇਂਦਾ ਹੈ। ਐਸਾ ਸਿੱਖ ਪ੍ਰੇਮੀ ਹੈ।

3.ਜੋ ਸਿੱਖ ਆਪਣਾ ਆਪ ਸੁਖ ਦੇਣ ਵਿਚ ਵਾਰਦਾ ਹੈ, ਐਸਾ ਸਿੱਖ ਸੰਨਿਆਸੀ ਹੈ।

ਮਨੁੱਖ ਦਾ ਹਿਰਦਾ ਇਕ ਪੈਦਾ ਕਰਨੇ ਵਾਲਾ ਕਾਰਖਾਨਾ ਹੈ। ਇਸ ਵਿਚੋਂ ਸਿਵਾ ਨੇਕੀ, ਦਇਆ ਤੇ ਪਿਆਰ ਦੇ ਹੋਰ ਕੁਛ ਪੈਦਾ ਨਹੀਂ ਹੋਣਾ ਚਾਹੀਦਾ। ਜੋ ਹਿਰਦਾ ਅੱਕਦਾ ਹੈ, ਥੱਕਦਾ ਹੈ, ਛਿੱਥਾ ਹੁੰਦਾ ਹੈ, ਘਬਰਾਂਦਾ ਹੈ, ਗੁੱਸੇ ਵਿਚ ਆਉਂਦਾ ਹੈ, ਕੁੜ੍ਹਦਾ ਹੈ, ਕ੍ਰਿੱਝਦਾ ਹੈ, ਉਹ ਹਿਰਦਾ ਅਜੇ ਪੂਰਾ ਸਿੱਖ ਨਹੀਂ ਹੋਇਆ। ਇਹ ਆਪਾ ਚੀਨਣ ਦਾ ਕੰਮ ਆਪ ਕਰਦੇ ਰਹਿਣਾ ਚਾਹੀਏ, ਸਤਿਗੁਰੂ ਪਿਆਰੇ ਦੇ ਵਲਵਲਿਆਂ ਨਾਲ ਤੇ ਤਰਸਾਂ ਦੀਆਂ ਹਿਲਦੀਆਂ ਤਰਬਾਂ ਦੇ ਤ੍ਰਾਨਿਆਂ ਵਾਲੇ ਮਨਾਂ ਵਿਚ ਫੇਰੇ ਪਾਂਦਾ ਹੈ।

ਐਉਂ ਸਦਾ ਪਰਖ ਦੇ ਟੁਰਨਾ ਲੋੜੀਏ, ਜਿਥੇ ਆਪੋ ਵਿਚ ਕੁਛ ਕਸਰ ਦਿੱਸੇ ਫੇਰ ਕੱਢ ਸਿੱਟੀਏ: "ਝੂਰਿ ਮਰੇ ਦੋਖੈ ਪਰਮਾਦੁ"

ਸਤਿਗੁਰੂ ਨੂੰ ਅੰਗ ਸੰਗ ਜਾਣਿਆ ਕਰੋ ਤੇ ਬਾਣੀ ਸਤਿਗੁਰੂ ਜੀ ਨੂੰ ਸੁਣਾ ਕੇ ਪੜ੍ਹਿਆ ਕਰਨੀ।

-ਵੀਰ ਸਿੰਘ

ਪਿਆਰੇ ਜੀਓ

159