੮੨
ਪਵਿੱਤ੍ਰਾਤਮਾ ਜੀਓ,
ਇਨਸਾਨੀ ਜੀਵਨ ਇਕ ਖੂਬਸੂਰਤ ਅਮੋਲਕ ਵਸਤੂ ਹੈ। ਸੰਸਾਰ ਯਾਤ੍ਰਾ ਤੇ ਗ੍ਰਿਹਸਤ ਆਸ਼੍ਰਮ ਬੀ ਇਕ ਬਰਕਤ ਹੈ। ਸਰੀਰ, ਸਰੀਰ ਦੇ ਕਾਰਯ ਪਵਿਤ੍ਰ ਕਾਰਖਾਨਾ ਹੈ। ਇਹ ਸਾਰੇ ਹੀ ਦਰੁਸਤ ਸੰਭਾਲ ਤੇ ਦਰੁਸਤ ਵਰਤੋਂ ਨਾਲ ਸੁਖ਼ ਅਰ ਆਨੰਦ ਵਧਦਾ ਹੈ। ਜੀਵਨ ਦਾ ਪ੍ਰਯੋਜਨ ਖੁਸ਼ੀ ਨੂੰ ਲੱਭਣਾ ਹੈ। ਦਰੁਸਤ ਖੁਸ਼ੀ ਤਦੋਂ ਲੱਝਦੀ ਹੈ, ਜਦੋਂ ਆਦਮੀ ਆਪਣੇ ਅੰਦਰ ਜੋ ਆਪਣੇ ਆਪੇ ਦਾ ਮਾਲਕ ਹੈ, ਕੁਦਰਤ ਨਾਲ ਕਰਤਾ ਸੰਬੰਧੀ ਸਬਜੈਕਟਿਵ (ਆਤਮਕ, ਮਾਨਸਿਕ) ਤਅੱਲਕ ਪ੍ਰਾਪਤ ਕਰ ਲੈਂਦਾ ਹੈ, ਅਰ ਸਭ ਕੁਛ ਤੇ ਸਾਰੀ ਰਚਨਾ ਇਸ ਨੂੰ ਪਾਲਦੀ, ਸੁਖ ਦੇਂਦੀ ਤੇ ਖੁਸ਼ ਕਰਦੀ ਹੈ। ਮਾਨੁਖ ਵਾਹਿਗੁਰੂ ਦੀ ਅੰਸ਼ ਹੋਣ ਕਰਕੇ ਬੜੀ ਉਚੀ ਸ਼ੈ ਹੈ। ਝੂਠੇ ਤਿਆਗ, ਹਠ, ਵੈਰਾਗ ਤੇ ਸਾਧਨ ਫਜ਼ੂਲ ਹਨ। ਵਾਹਿਗੁਰੂ ਨਾਲ ਜੁੜੇ ਰਹਿਣਾ, ਉਚਾ ਪਵਿਤ੍ਰ ਜੀਵਨ ਬਨਾਣਾ ਤੇ ਗੁਰੂ ਨਾਨਕ ਨੂੰ ਸਦਾ ਜੀਉਂਦਾ ਸਮਝ ਕੇ ਉਸ ਦੀ ਬਾਣੀ ਦਾ ਰਸ ਲੈਣਾ, ਇਹ ਸਬਜੈਕਟਿਵ ਸਬੰਧ ਤੇ ਲੈ ਜਾਂਦੇ ਹਨ। ਸੋ ਸ਼ੁਕਰ, ਸਿਮਰਨ ਤੇ ਅਰਦਾਸ ਵਿਚ ਰਹਿਣਾ ਚਾਹੀਏ। ਹੋਰ ਸ਼ਬਦ (ਨਾਮ) ਇਕੋ ਹੀ ਹੈ: ਹਜ਼ੂਰੀ ਤੇ ਸਿਨਰਨ ਨੇ ਹੀ ਕਲਯਾਨ ਕਰਨੀ ਹੈ, ਇਥੇ ਆਨੰਦ ਤੇ ਅਗੇ ਸੁਖ ਦੇਣਾ ਹੈ।
ਮਨ ਨੂੰ ਹਰ ਵੇਲੇ ਰੋਸ਼ਨ ਰਖਣਾ ਚਾਹੀਏ। ਸਰੀਰੋਂ ਬਾਹਰ ਦੀ ਰੋਸ਼ਨੀ ਅੰਦਰ ਚਾਨਣਾ ਨਹੀਂ ਪਾਂਦੀ, ਅੰਦਰ ਚਾਨਣਾ ਹੋਵੇ, ਘਟ ਦੀਪ ਜਗੇ, ਮਨ ਮਨ ਵਿਚ ਮਗਨ ਰਹੇ। ਮਨ ਵਾਹਿਗੁਰੂ ਦੇ ਨਿਵਾਸ ਦਾ ਮੰਦਰ ਹੈ, 'ਮਨ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ॥ ਏਕੁ ਸਬਦੁ ਮੇਰੇ ਪ੍ਰਾਨਿ ਬਸਤੁ ਹੈ ਬਾਹੁੜ ਜਨਮਿ ਨ ਆਵਾ॥' ਅੰਦਰ ਸ਼ਬਦ, ਰਸ ਦੀ ਯਾਦ, ਰਸ ਦਾ ਪਿਆਰ, ਰਸ ਦੀ ਹਜ਼ੂਰੀ ਪ੍ਰਾਣਾਂ ਵਿਚ ਵੱਸ ਜਾਵੇ, ਅੰਦਰ ਵਾਹਿਗੁਰੂ ਨਾਲ ਲਿਵ ਲਗੀ ਰਹੇ, ਇਹ ਸੁਖ ਦਾ ਅਸਲ ਥਾਂ ਹੈ। ਜੋ ਮਨ ਅੰਦਰ ਟਿਕਿਆ ਹੈ, ਰਬ ਨਾਲ ਹੈ, ਸੁਖੀ ਹੈ ਤਾਂ ਬਾਹਰ ਬੀ ਸਾਰੇ ਖੇੜਾ ਦੀਹਦਾ ਹੈ। ਸਿਖਣਾ ਇਹ ਨਹੀਂ ਕਿ ਬਾਹਰ ਦੀ ਭਾਲ ਤੇ ਹਾਡ ਸਾਨੂੰ ਬਾਉਰਿਆਂ ਕਰੋ, ਪਰ ਇਹ ਕਿ ਮਨ ਮਨ ਤੋਂ, ਮਨ ਦੇ ਵਿਚ ਪਿਆਰੇ ਦੀ ਹਜ਼ੂਰੀ ਵਿਚ ਖੀਵਾ ਰਹੇ। ਰਸ ਅੰਦਰ ਹੈ, ਉਹ ਲੋਚਦਾ ਹੈ ਕਿ ਅਸੀਂ ਮਨ ਦਾ ਬੂਹਾ ਉਸ ਨੂੰ ਖੋਲ੍ਹੀਏ। ਪਰ ਅਸੀਂ ਬਾਹਰ ਨੂੰ ਤੱਕਦੇ ਤੇ ਮਨ ਮੰਦਰ ਦੇ ਬੂਹੇ ਮਨ ਦੇ ਮਾਲਕ ਨੂੰ ਨਹੀਂ ਖੋਲ੍ਹਦੇ। ਸਦਾ ਖੁਸ਼ ਆਨੰਦ ਵਾਹਿਗੁਰੂ ਦੇ ਹਜ਼ੂਰ ਵੱਸੀਏ। ਅੰਦਰ ਸੁਖ ਰਹਿੰਦਾ ਹੈ ਤਾਂ ਬਾਹਰ ਸਰੀਰ ਪਵਿਤ੍ਰ ਰਹਿੰਦਾ ਹੈ, ਕਰਮ ਸ਼ੁਭ ਹੁੰਦੇ ਹਨ ਤੇ ਜੀਵਨ ਨਿਸ਼ਪਾਪ ਹੋ ਜਾਂਦਾ ਹੈ।
-ਵੀਰ ਸਿੰਘ
161