( ੨੩੧ )
ਚੌਧਰੀ:-ਬਾਬਾ ਜੀ! ਫਰਸ਼ਾਂ ਕਰਾ ਲਵਾਂਗੇ।
ਸੁਕਰਾਤ:-ਤੁਸੀ ਆਪਣਾ ਬਾਗ ਪਿੰਡੋ ਮੀਲ ਪਰੇ ਕਿਉਂ ਬਣਾਇਆ ਏ ? ਪਿੰਡ ਨੂੰ ਈ ਕਿਉਂ ਬਾਗ਼ ਨਹੀਂ ਬਣਾ ਲੈਂਦੇ?
ਚੌਧਰੀ:-ਓਹ ਕਿਸ ਤਰ੍ਹਾਂ?
ਸੁਕਰਾਤ:-ਮੈਨੂੰ ਆਪ ਵੀ ਪਤਾ ਨਹੀਂ, ਪਰ ਮੇਰਾ ਖਿਆਲ ਏ ਕਿ ਤੁਹਾਨੂੰ ਆਪਣੇ ਖੂਹਾਂ ਤੇ ਰਹਿਣਾ ਚਾਹੀਦਾ ਏ ਤੇ ਓਥੇ ਫੁੱਲ ਲਾਕੇ ਓਥੇ ਈ ਨਿੱਕੇ ਨਿੱਕੇ ਸੁਖਦਾਈ ਕੋਠੇ ਬਨਾਣੇ ਚਾਹੀਦੇ ਨੇ, ਜਿਸ ਤਰ੍ਹਾਂ ਸਦਾ ਰਾਮ ਨੇ ਗੁੜਗਾਵੇਂ ਦੇ ਕੋਲ ਬਣਾਇਆ ਏ। ਆਪਣਾ ਡੰਗਰ ਵੱਛਾ ਵੀ ਓਥੇ ਈ ਰੱਖੋ ਤੇ ਪਿੰਡ ਦੀ ਵੱਲੋਂ ਸਹਿਜੇ ਸਹਿਜੇ ਘਟਾਓ, ਤਾਂ ਜੋ ਜੇਹੜੇ ਮਨੁੱਖ ਬਾਕੀ ਰਹਿ ਜਾਣ ਓਹ ਆਪਣੇ ਚੰਗੀ ਤਰ੍ਹਾਂ ਆਰਾਮ ਨਾਲ ਵੱਸਣ, ਬਜ਼ਾਰ ਚੌੜੇ ਕਰ ਲੈਣ ਤੇ ਆਪਣਿਆਂ ਵੇਹੜਿਆਂ ਵਿੱਚ ਛੋਟੇ ਛੋਟੇ ਬਗੀਚੇ ਲਾਣ ਤੇ ਹੋਰ ਏਸ ਤਰ੍ਹਾਂ ਦੇ ਕੰਮ ਕਰਨ । ਖੁੱਲ੍ਹੀਆਂ ਥਾਵਾਂ ਦੇ ਦੁਆਲੇ ਕੰਧਾਂ ਬਣਾਕੇ ਓਥੇ ਫੁੱਲ ਬੀਜੋ, ਪਰ ਓਹਨਾਂ ਨੂੰ ਕੰਡਿਆਂ ਦੀ ਵਾੜ ਨਾ ਦਿਓ, ਕਿਉਂ ਜੋ ਏਹਨਾਂ ਵਿਚ ਗੰਦ ਜਮ੍ਹਾਂ ਹੋ ਜਾਂਦਾ ਏ ਤੇ ਨਾਲੇ ਰਾਹ ਭੀੜਾ ਹੋ ਜਾਂਦਾ ਏ, ਤੇ ਨਾਲੇ ਜੇ ਕਦੀ ਕਿਸੇ ਦੇ ਘਰ ਨੂੰ ਅੱਗ ਲੱਗ ਪਏ ਤਾਂ ਵਾ ਵਗਣ ਨਾਲ ਏਹਨਾਂ ਦੀ ਰਾਹੀਂ ਲਾਂਬੇ ਇੱਕ ਘਰੋਂ ਦੂਜੇ ਘਰ ਨੂੰ ਝੱਟ ਪੱਟ ਅੱਪੜ ਪੈਂਦੇ ਨੇ।