ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੋ ਸ਼ਬਦ

ਸਾਹਿਤ ਕੌਮਾਂ ਦਾ ਇਕ ਵਡਮੁੱਲਾ ਇਕ ਵਿਰਸਾ ਹੁੰਦਾ ਹੈ ਅਤੇ ਭਾਸ਼ਾ ਇਸ ਵਿਰਸੇ ਦੀ ਸੰਭਾਲ ਦਾ ਇੱਕੋ ਇਕ ਸਾਧਨ। ਭਾਸ਼ਾ ਦਾ ਗਿਆਨ ਸਾਹਿਤ ਦੇ ਰਸ ਨੂੰ ਮਿੱਠਾ ਬਣਾ ਦਿੰਦਾ ਹੈ। ਭਾਸ਼ਾ ਦਾ ਭੰਡਾਰ ਉਸ ਦੇ ਸ਼ਬਦ-ਕੋਸ਼ ਹੁੰਦੇ ਹਨ। ਇਨ੍ਹਾਂ ਤੋਂ ਕਿਸੇ ਭਾਸ਼ਾ ਦੀ ਅਮੀਰੀ ਤੇਂ ਗ਼ਰੀਬੀ ਜਾਣੀ ਜਾਂਦੀ ਹੈ। ਸ਼ਬਦ-ਕੋਸ਼ ਭਾਸ਼ਾ ਦੇ ਨਿਕਾਸ ਤੇ ਵਿਕਾਸ ਨੂੰ ਨਿਰੂਪਣ ਕਰਦੇ ਹਨ। ਇਸ ਲਈ ਇਨ੍ਹਾਂ ਦਾ ਨਿਰਮਾਣ ਇਕ ਬੁਨਿਆਦੀ ਕੰਮ ਹੈ ਜਿਸ ਨੂੰ ਸਾਹਿਤ ਤੇ ਭਾਸ਼ਾ-ਸੇਵੀ ਸਦਾ ਹੀ ਪਹਿਲ ਦੇਣ ਦਾ ਜਤਨ ਕਰਦੇ ਆਏ ਹਨ।

ਪੰਜਾਬੀ ਦਾ ਇਕ ਮੂੰਹ ਚੜ੍ਹਿਆ ਅਖਾਣ ਹੈ ਕਿ ਬੋਲੀ ਬਾਹਰੀਂ ਕੋਹੀਂ ਬਦਲਦੀ ਹੈ। ਇਸ ਦਾ ਪਰਤੱਖ ਮਤਲਬ ਇਹ ਹੈ ਕਿ ਭੂਗੋਲਕ ਅਸਰ ਬੋਲੀ ਦਾ ਮੁਹਾਂਦਰਾ ਢਾਲਣ ਵਿਚ ਅਹਿਮ ਹਿੱਸਾ ਪਾਉਂਦੇ ਹਨ, ਇਸੇ ਲਈ ਹਰੇਕ ਭਰਵੀਂ ਤੇ ਵਿਸ਼ਾਲ ਬੋਲੀ ਦੀਆਂ ਕਈ ਉਪ-ਬੋਲੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਦੀ ਹੋਂਦ ਬੋਲੀ ਦੇ ਪੀਢੇ ਤਾਣੇ ਪੇਟੇ ਨੂੰ ਦਰਸਾਉਂਦੀ ਹੈ। ਕਿਸੇ ਬੋਲੀ ਦੇ ਪਰਮਾਣੀਕ ਕੋਸ਼ ਵਿਚ ਉਸ ਦੀਆਂ ਸਾਰੀਆਂ ਉਪ-ਬੋਲੀਆਂ ਦੇ ਸ਼ਬਦਾਂ ਦਾ ਹੋਣਾ ਜਿੱਥੇ ਜ਼ਰੂਰੀ ਹੈ ਉੱਥੇ ਉਪ-ਬੋਲੀਆਂ ਦੀਆਂ ਵਖਰੀਆਂ ਸ਼ਬਦਾਵਲੀਆਂ ਤਿਆਰ ਕਰ ਕੇ ਛਪਣੀਆਂ ਵੀ ਇਕ ਮਹੱਤਵ-ਪੂਰਣ ਕੰਮ ਹੈ।

ਪੋਠੋਹਾਰੀ ਸ਼ਬਦ-ਕੋਸ਼ ਇਸ ਆਸ਼ੇ ਨੂੰ ਅਮਲੀ ਰੂਪ ਦੇਣ ਲਈ ਛੋਹਿਆ ਗਿਆ ਸੀ ਜੋ ਹੁਣ ਪੰਜਾਬੀ ਵਿਭਾਗ ਵੱਲੋਂ ਮੁਕੰਮਲ ਕਰ ਦਿੱਤਾ ਗਿਆ ਹੈ। ਨਿਰਸੰਦੇਹ ਪੰਜਾਬੀ ਭਾਸ਼ਾ ਨੂੰ ਇਹ ਇਕ ਬਹੁਮੁੱਲੀ ਦੇਣ ਹੈ। ਮੈਂ ਪੂਰਨ ਆਸ ਕਰਦਾਂ ਹਾਂ, ਕਿ ਪੰਜਾਬੀ ਵਿਭਾਗ ਇਸੇ ਤਰ੍ਹਾਂ ਆਪਣੇ ਜਤਨ ਜਾਰੀ ਰੱਖੇਗਾ ਤੇ ਸਮੇਂ ਸਮੇਂ ਬਾਕੀ ਰਹਿੰਦੇ ਉਪ-ਬੋਲੀ ਸ਼ਬਦ-ਕੋਸ਼ ਵੀ ਸੰਪੂਰਣ ਕਰਨ ਵਿਚ ਸਫਲ ਹੋਵੇਗਾ। ਇਨ੍ਹਾਂ ਉੱਦਮਾਂ ਦੀ ਸਫਲਤਾ ਸਾਡੇ ਮਹਾਨ ਕਾਰਜ ਪੰਜਾਬੀ-ਪੰਜਾਬੀ ਕੋਸ਼ ਨੂੰ ਮੁਕੰਮਲ ਕਰਨ ਵਿਚ ਵੀ ਬਹੁਤ ਸਹਾਈ ਹੋਏਗੀ।

ਲਾਲ ਸਿੰਘ,

ਡਾਇਰੈਕਟਰ ਜਨਰਲ, ਭਾਸ਼ਾ ਵਿਭਾਗ, ਪੰਜਾਬ।

ਪਟਿਆਲਾ,

੧੬-੧੧-੧੯੬੦