ਪੰਨਾ:ਪ੍ਰੀਤਮ ਛੋਹ.pdf/138

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਸਦੇ ਨੀਂ, ਉਹ ਬਿਜਲੀ ਢਾਵਨ,
ਖੇਢੀਂ ਮਾਰ ਕੁਹਾਇਆ।
ਵਾਹ ਨੂਰਾਨੀ ਸ਼ਕਲ ਸਜਨ ਦੀ,
ਨੈਣੀਂ ਆਣ ਸਮਾਇਆ॥

ਵਾਟੇ ਖੜੀ ਉਡੀਕਾਂ ਮਹਿਰਮ,
ਦੂਰੋਂ ਨਜ਼ਰੀ ਆਇਆ।
ਬਦਲੀਂ ਸੂਰਜ ਚੜ੍ਹੇ ਸਵੇਰੇ,
ਪੰਛੀ ਮਨ ਵਿਗਸਾਇਆ।
ਚਾਲ ਸਜਨ ਦੀ,ਲਟਕ ਜਾਨੀ ਦੀ,
ਦੂਰੋਂ ਮਨ ਖਿਚਾਇਆ।
ਖਿਚ ਇਲਾਹੀ ਖਿਚਦੀ ਜੀ ਨੂੰ,
ਵੰਝੀਂ ਉਛਲ ਧਾਇਆ॥

ਜੀ ਨੂੰ ਜੀ ਪਛਾਨ ਜੀਆਂ ਦੀ,
ਜੀ ਜਾਨੀ ਵਲ ਜਾਂਦਾ।
ਕਰ ਕਰ ਲਾਜ ਫੜਾਂ ਦੋ ਹੱਥੀਂ,
ਪਰ ਨਿਕਲ ਹਥੋਂ ਦਿਲ ਜਾਂਦਾ।
ਨੀਂਝ ਸਜਨ ਦੀ ਰਾਹ ਵਛਾਈ,
ਅਖ ਨਾ ਝਮਕਾਂ ਮੂਲੋਂ।
ਮਤ ਪਲ ਓਹਲੇ ਹੋ ਜਾਏ ਜਾਨੀ,
ਬੇ ਦਿਲ ਹੋ ਦਿਲ ਜਾਂਦਾ॥

੧੩੧