ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
301
ਡ੍ਯੂਰਾਂਟ ਨੇ ਜੋ ਜ਼ੁਲਮ ਕੀਤੇ ਸਨ ਉਨ੍ਹਾਂ ਕਰਕੇ ਉਸਦੇ ਚੱਕ ਦੇ ਗੁਲਾਮ ਅੱਕੋ ਹੋਏ ਸਨ॥ ਉਨ੍ਹਾਂ ਸਾਰਿਆਂ ਏਕਾ ਕਰਕੇ ਇੱਕ ਮਤਾ ਮਤਾਇਆ ਹੋਇਆ ਸਾ, ਜਿਸਦੀ ਕਿਸੇ ਨੂੰ ਬਿਲਕੁਲ ਖ਼ਬਰ ਨ ਸੀ। ਓਨ੍ਹਾਂ ਦਾ ਪਰੋਜਨ ਇਹ ਸੀ ਕਿ ਟਾਪੂ ਦੇ ਹਰ ਇੱਕ ਗੋਰੇ ਦਾ ਤ੍ਰੀਮਤਾਂ ਅਤੇ ਬਾਲਾਂ ਸਮੇਤ ਮੂਲੋਂ ਨਾਸ ਕਰ ਦੇਈਏ। ਬੜੀ ਅਚਰਜ ਜੁਗਤ ਨਾਲ ਉਨ੍ਹਾਂ ਤਤਬੀਰਾਂ ਕੀਤੀਆਂ ਅਤੇ ਉਨ੍ਹਾਂ ਪੁਰ ਚੱਲਣ ਲਈ ਹਬਸ਼ੀਆਂ ਨੂੰ ਭੜਕਾਇਆ, ਕਿ ਹੁਣ ਨਿਰਦਈ ਗੋਰਿਆਂ ਪਾਸੋਂ ਬਚਨ ਦੀ ਕੋਈ ਆਸ ਨਹੀਂ, ਸੋ ਹੌਸਲੇ ਨਾਲ ਮਰਨ ਮਾਰਨ ਲਈ ਤਿਆਰ ਰਹੋ॥
ਐਡਵਰਡਜ਼ ਸਾਹਿਬ ਦੇ ਚੱਕ ਦਿਆਂ ਹਬਸ਼ੀਆਂ ਦੇ ਛੁੱਟ, ਜੈਮੇਕਾ ਟਾਪੂ ਦੇ ਸਾਰੇ ਹਬਸ਼ੀਆਂ ਵਿੱਚ ਇਹ ਵਾਉ ਫਿਰ ਗਈ, ਉਨ੍ਹਾਂ ਨੂੰ ਅਜੇ ਤੱਕ ਇਸ ਭਯਾਨਕ ਭੇਤ ਦੀ ਕਨਸੋ ਬੀ ਨ ਪਈ ਸੀ, ਕਿਉਂ ਜੋ ਉਨ੍ਹਾਂ ਦੇ ਹੋਰ ਦੇਸੀ ਭਿਰਾਵਾਂ ਨੂੰ ਮਲੂਮ ਸਾ ਕਿ ਆਪਣੇ ਸਾਈਂ ਨਾਲ ਇਨ੍ਹਾਂ ਦਾ ਬਹੁਤ ਪ੍ਰੇਮ ਹੈ, ਇਸ ਲਈ ਬਦਲਾ ਲੈਣ ਦੇ ਉਪਾਉ ਦੱਸਣ ਦਾ ਉਨ੍ਹਾਂ ਉੱਤੇ ਵਿਸਾਹ ਨ ਪਿਆ॥