ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/111

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਜਗਰਾਵਾਂ ਦੀ ਰੌਸ਼ਨੀ

ਜਗਰਾਵਾਂ ਦੀ ਰੌਸ਼ਨੀ ਦਾ ਮੇਲਾ ਮਾਲਵੇ ਦਾ ਇਕ ਪ੍ਰਸਿੱਧ ਮੇਲਾ ਹੈ ਜਿਹੜਾ 13, 14 ਅਤੇ 15 ਫੱਗਣ ਨੂੰ ਜਗਰਾਵਾਂ ਵਿਖੇ ਬੜੀ ਧੂਮ-ਧਾਮ ਨਾਲ ਲੱਗਦਾ ਹੈ। ਜਗਰਾਉਂ ਜਿਲ੍ਹਾ ਲੁਧਿਆਣਾ ਦਾ ਕਾਫੀ ਵੱਡਾ ਕਸਬਾ ਹੈ ਜਿਹੜਾ ਲੁਧਿਆਣੇ ਤੋਂ 35 ਕਿਲੋਮੀਟਰ ਦੇ ਫਾਸਲੇ ਤੇ ਲੁਧਿਆਣਾ ਫ਼ਿਰੋਜ਼ਪੁਰ ਸੜਕ ਤੇ ਵਸਿਆ ਹੋਇਆ ਹੈ। ਕਹਿੰਦੇ ਹਨ ਦੋ ਸੌ ਵਰ੍ਹੇ ਪਹਿਲਾਂ ਇਸ ਕਸਬੇ ਨੂੰ ਰਾਏ ਕਾਹਲਾ ਨੇ ਆਬਾਦ ਕੀਤਾ ਸੀ ਤੇ ਸ਼ਹਿਰ ਦੀ ਵਿਉਂਤ ਲੱਪੇ ਸ਼ਾਹ ਨਾਮੀ ਫ਼ਕੀਰ ਨੇ ਉਲੀਕੀ ਸੀ। ਲੋਕ ਵਿਸ਼ਵਾਸ ਅਨੁਸਾਰ ਉਹ ਜਿਵੇਂ-ਜਿਵੇਂ ਉਂਗਲੀ ਵਾਹੁੰਦਾ ਗਿਆ ਤਿਵੇਂ-ਤਿਵੇਂ ਸ਼ਹਿਰ ਆਬਾਦ ਹੁੰਦਾ ਗਿਆ। ਲੱਪੇ ਸ਼ਾਹ ਦਾ ਮਜ਼ਾਰ ਜਗਰਾਵਾਂ ਦੇ ਵਿੱਚਕਾਰ ਸਥਿਤ ਹੈ।

ਜਗਰਾਉਂ ਬਾਰੇ ਇਕ ਅਖਾਣ ਹੈ:

ਜਗਰਾਵਾਂ ਠੰਡੀਆਂ ਛਾਵਾਂ
ਲੁਧਿਆਣੇ ਲੋਅ ਚਲਦੀ

ਇੱਥੇ ਠੰਡ ਵਰਤਾਉਣ ਵਾਲ਼ੇ ਪੰਜ ਫ਼ਕੀਰ ਰਹਿੰਦੇ ਸਨ- ਲੱਪੇ ਸ਼ਾਹ, ਮਹਿੰਦੀ ਸ਼ਾਹ, ਟੁੰਡੇ ਸ਼ਾਹ, ਕਾਲੇ ਸ਼ਾਹ ਅਤੇ ਮੋਹਕਮ ਦੀਨ। ਇਹ ਇਕੱਠੇ ਜਗਰਾਉਂ ਦੇ ਪੱਛਮ ਵੱਲ ਇਕ ਝੜੀ ਵਿੱਚ ਰਿਹਾ ਕਰਦੇ ਸਨ। ਇਹਨਾਂ ਦੀ ਮਹਿਮਾ ਸਾਰੇ ਇਲਾਕੇ ਵਿੱਚ ਫੈਲੀ ਹੋਈ ਸੀ। ਮੋਹਕਮ ਦੀਨ ਇਕ ਪੁੱਜਿਆ ਹੋਇਆ ਦਰਵੇਸ਼ ਸੀ। ਉਸ ਬਾਰੇ ਕਈ ਇਕ ਰਵਾਇਤਾਂ ਪ੍ਰਚੱਲਤ ਹਨ। ਕਈ ਕਰਾਮਾਤਾਂ ਉਸ ਦੇ ਨਾਂ ਨਾਲ ਜੁੜੀਆਂ ਹੋਈਆਂ ਹਨ। ਕਿਹਾ ਜਾਂਦਾ ਹੈ ਕਿ ਉਹ ਪੌਣਹਾਰੀ ਸੀ। ਕੁਝ ਵੀ ਨਹੀਂ ਸੀ ਖਾਂਦਾ। ਜੋ ਵੀ ਸ਼ਰਧਾਲੂ ਉਸ ਦੇ ਪਾਸ ਆਉਂਦਾ ਉਹਦੀ ਹਰ ਤਮੰਨਾ ਪੂਰੀ ਕਰਦਾ। ਹਜ਼ਾਰਾਂ ਸ਼ਰਧਾਲੂ ਉਸ ਨੂੰ ਪੂਜਦੇ ਸਨ। ਮੋਹਕਮ ਦੀਨ ਦੇ ਜੀਵਨ ਬਾਰੇ ਭਰੋਸੇਯੋਗ ਜਾਣਕਾਰੀ ਪ੍ਰਾਪਤ ਨਹੀਂ। ਜਗਰਾਵਾਂ ਦੇ ਪੱਛਮ ਵਿੱਚ ਉਸ ਦੀ ਦਰਗਾਹ ਹੈ ਜਿੱਥੇ ਰੌਸ਼ਨੀ ਦਾ ਮੇਲਾ ਆਪਣੇ ਜਲਵੇ ਦਿਖਾਉਂਦਾ ਹੈ। ਜਗਰਾਵਾਂ ਦੀ ਰੌਸ਼ਨੀ ਦਾ ਜ਼ਿਕਰ ਪੰਜਾਬ ਦੇ ਕਈ ਇਕ ਲੋਕ ਗੀਤਾਂ ਵਿੱਚ ਆਉਂਦਾ ਹੈ:

ਆਰੀ ਆਰੀ ਆਰੀ
ਵਿੱਚ ਜਗਰਾਵਾਂ ਦੇ
ਲੱਗਦੀ ਰੌਸ਼ਨੀ ਭਾਰੀ
ਬੋਲੀਆਂ ਦੀ ਸੜਕ ਬੰਨ੍ਹਾਂ
ਜਿੱਥੇ ਖ਼ਲਕਤ ਲੰਘੇ ਸਾਰੀ
ਬੋਲੀਆਂ ਦਾ ਖੂਹ ਭਰ ਦਿਆਂ
ਪਾਣੀ ਭਰੇ ਝਾਂਜਰਾਂ ਵਾਲੀ

105 / ਪੰਜਾਬੀ ਸਭਿਆਚਾਰ ਦੀ ਆਰਸੀ