ਪੰਜਾਬੀ ਲੋਕਧਾਰਾ ਵਿਚ ਜਾਤੀਆਂ ਤੇ ਉਪਜਾਤੀਆਂ
ਇਤਿਹਾਸ ਦੀਆਂ ਪੈੜਾਂ ਪੰਜਾਬ ਦੇ ਜੱਟਾਂ ਨੂੰ ਆਰੀਆ ਨਸਲ ਨਾਲ ਜਾ ਜੋੜਦੀਆਂ ਹਨ। ਇਹ ਆਰੀਆ ਨਸਲ ਦੇ ਇੰਡੋਸਿਥੀਅਨ ਘਰਾਣੇ ਹਨ ਜਿਨ੍ਹਾਂ ਨੂੰ ਪੰਜਾਬ ਦੇ ਮੋਢੀ ਵਸਨੀਕ ਹੋਣ ਦਾ ਮਾਣ ਪ੍ਰਾਪਤ ਹੈ।
ਜੱਟ ਪੰਜਾਬ ਦੀ ਸਿਰਮੌਰ ਜਾਤੀ ਹੈ। ਇਹਨਾਂ ਦੀ ਸਰੀਰਕ ਬਣਤਰ, ਨਰੋਆ ਤੇ ਤਕੜਾ ਸਰੀਰ, ਗੇਲੀਆਂ ਵਰਗੇ ਜਿਸਮ, ਪਹਾੜਾਂ ਵਰਗਾ ਬੁਲੰਦ ਹੌਸਲਾ, ਦਰਿਆਵਾਂ ਵਰਗੀ ਦਰਿਆਦਿਲੀ, ਸੂਰਮਤਾਈ, ਨਿਡਰਤਾ, ਮਿਹਨਤੀ ਤੇ ਖਾੜਕੂ ਸੁਭਾਅ ਇਹਨਾਂ ਦੀ ਵਿਲੱਖਣ ਪਹਿਚਾਣ ਹੈ।
ਪੰਜਾਬ ਦਾ ਜੱਟ ਕਦੀ ਵੀ ਕੱਟੜ ਧਰਮੀ ਤੇ ਕੱਟੜ ਪੰਥੀ ਨਹੀਂ ਰਿਹਾ। ਅੱਜ ਵੀ ਪੰਜਾਬ ਦੇ ਜੱਟ ਸਿੱਖ ਨੈਣਾਂ ਦੇਵੀ ਦੇ ਚਾਲੇ ਤੇ ਜਾਂਦੇ ਹਨ, ਹਰਦੁਆਰ ਆਪਣੇ ਵੱਡੇ ਵਡੇਰਿਆਂ ਦੇ ਫੁੱਲ ਜਲ ਪ੍ਰਵਾਹ ਕਰਦੇ ਹਨ, ਪਹੋਏ ਗਤਿਆ ਕਰਵਾਉਂਦੇ ਹਨ, ਮੁਸਲਮਾਨ ਪੀਰਾਂ ਫਕੀਰਾਂ ਦੀਆਂ ਦਰਗਾਹਾਂ ਤੇ ਜ਼ਿਆਰਤਾਂ ਕਰਦੇ ਹਨ, ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ, ਅੰਮ੍ਰਿਤਸਰ ਦੀ ਵਿਸਾਖੀ, ਫਤਿਹਗੜ੍ਹ ਸਾਹਿਬ ਦਾ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜਮੇਲਾ ਅਤੇ ਮੁਕਤਸਰ ਦੀ ਮਾਘੀ ਆਦਿ ਇਹਨਾਂ ਦੇ ਤੀਰਥ ਸਥਾਨ ਹਨ।
ਪੰਜਾਬ ਦੇ ਜੱਟਾਂ ਦਾ ਮੁਢਲਾ ਜੀਵਨ ਜ਼ੋਖ਼ਮ ਭਰਪੂਰ ਸੀ। ਅਨੇਕਾਂ ਸਦੀਆਂ ਪਹਿਲਾਂ ਉਹ ਦਰਿਆਵਾਂ ਦੇ ਕੰਢਿਆਂ ਤੇ ਫਿਰਕੂ ਕਬੀਲਿਆਂ ਦੇ ਰੂਪ ਵਿੱਚ ਰਹਿੰਦੇ ਸਨ। ਪਸ਼ੂ ਪਾਲਣੇ ਤੇ ਖੇਤੀ ਦੀ ਕਾਰ ਇਹਨਾਂ ਦਾ ਮੁੱਖ ਧੰਦਾ ਸੀ।ਇਹ ਜੱਟ ਹੀ ਸਨ ਜਿਨ੍ਹਾਂ ਨੇ ਜਾਨ ਹੂਲਵੀਂ ਮਿਹਨਤ ਨਾਲ ਜੰਗਲਾਂ ਬੇਲਿਆਂ ਨੂੰ ਸਾਫ ਕਰਕੇ ਜ਼ਮੀਨਾਂ ਵਾਹੀ ਯੋਗ ਬਣਾਈਆਂ ਤੇ ਪੱਕੇ ਤੌਰ ਤੇ ਨਿੱਕੇ-ਨਿੱਕੇ ਪਿੰਡ ਵਸਾ ਕੇ ਉਹ ਜ਼ਮੀਨਾਂ ਅਤੇ ਪਿੰਡਾਂ ਦੇ ਮਾਲਕ ਬਣ ਗਏ। ਗਿਆਰਵੀਂ ਸਦੀ ਦੇ ਅੰਤ ਤੱਕ ਉਹ ਪੰਜਾਬ ਦੇ ਬਹੁਤ ਸਾਰੇ ਇਲਾਕੇ ਵਿੱਚ ਫੈਲ ਚੁੱਕੇ ਸਨ।
ਕਿਸਾਨੀ ਜੀਵਨ ਪੰਜਾਬੀਆਂ ਦੀ ਪ੍ਰਮੁੱਖ ਜੀਵਨ ਧਾਰਾ ਰਹੀ ਹੈ ਤੇ ਪਿੰਡ ਇਕ ਸੰਪੂਰਨ ਇਕਾਈ ਦੇ ਰੂਪ ਵਿੱਚ ਵਿਕਸਤ ਹੋ ਚੁੱਕਾ ਸੀ। ਜੱਟ ਜ਼ਮੀਨਾਂ ਦੇ ਮਾਲਕ ਸਨ ਤੇ ਹੋਰ ਉਪਜਾਤੀਆਂ ਇਹਨਾਂ ਦੇ ਸਹਿਯੋਗੀ ਦੇ ਰੂਪ ਵਿੱਚ ਵਿਚਰ ਰਹੀਆਂ ਸਨ। ਲੋਕਾਂ ਦੀਆਂ ਜੀਵਨ ਲੋੜਾਂ ਥੋੜ੍ਹੀਆਂ ਸਨ। ਹਰ ਲੋੜ ਪਿੰਡ ਵਿੱਚ ਹੀ ਪ੍ਰਾਪਤ ਹੋ ਜਾਂਦੀ ਸੀ।ਜਟ ਜ਼ਮੀਂਦਾਰ ਫਸਲਾਂ ਉਗਾਉਂਦੇ ਸਨ, ਤਰਖਾਣ, ਲੁਹਾਰ, ਘੁਮਾਰ, ਜੁਲਾਹੇ, ਨਾਈ, ਛੀਂਬੇ, ਪ੍ਰੋਹਤ, ਰਵਿਦਾਸੀਏ, ਬਾਲਮੀਕੀ, ਤੇਲੀ, ਮੀਰਾਸੀ, ਭੂਮ ਤੇ ਬਾਜ਼ੀਗਰ ਆਦਿ ਉਪ ਜਾਤੀਆਂ ਇਹਨਾਂ ਦੀ ਖੇਤੀਬਾੜੀ ਅਤੇ ਸਮਾਜਿਕ ਕਾਰਜਾਂ ਵਿੱਚ ਮਦਦਗਾਰ ਹੁੰਦੀਆਂ ਸਨ। ਇਹਨਾਂ ਨੂੰ ਸੇਪੀ ਆਖਦੇ ਸਨ।ਇਸ ਮਦਦ ਦੇ ਬਦਲ ਵਿੱਚ ਜੱਟ ਕਿਸਾਨ ਇਹਨਾਂ ਨੂੰ ਹਾੜ੍ਹੀ ਸਾਉਣੀ ਆਪਣੀ ਫਸਲ ਤੋਂ ਪ੍ਰਾਪਤ ਹੋਈ ਜਿਨਸ ਵਿੱਚੋਂ ਬੰਨ੍ਹਵਾ ਹਿੱਸਾ ਸੇਪ ਦੇ ਰੂਪ ਵਿੱਚ ਦਿੰਦਾ ਸੀ।
148/ਪੰਜਾਬੀ ਸਭਿਆਚਾਰ ਦੀ ਆਰਸੀ