ਰਿਵਾਜ਼ਾਂ ਦੀ ਚਰਚਾ ਅਨੁਸ਼ਠਾਨ ਦੇ ਸ਼ੀਰਸ਼ਕ ਹੇਠ ਕੀਤੀ ਗਈ ਹੈ। ਲੇਖਕ ਨੇ ਛਪਾਰ, ਹਦਰ ਸ਼ੇਖ, ਜਗਰਾਵਾਂ ਤੇ ਜਰਗ- ਪੰਜਾਬ ਦੇ ਚਾਰ ਮੁਖ ਮੇਲਿਆਂ ਦੇ ਸਥਾਨ, ਨਿਸ਼ਚਿਤ ਤਿਥਾਂ, ਉਨ੍ਹਾਂ ਦੇ ਮੂਲ ਨਾਲ ਜੁੜੀਆਂ ਪ੍ਰਾਸੰਗਿਕ ਘਟਨਾਵਾਂ, ਵਸਤਾਂ, ਵਿਅਕਤੀਆਂ, ਵਰਤਾਰਿਆਂ ਤੇ ਮਾਨਤਾਵਾਂ ਦਾ ਜ਼ਿਕਰ ਕਰਨ ਉਪਰੰਤ ਉਕਤ ਮੇਲਿਆਂ ਦੇ ਰੰਗ ਰੂਪ, ਮਾਹੌਲ ਅਤੇ ਅਨੁਸ਼ਠਾਨਿਕ-ਵਿਹਾਰ ਦਾ ਵਿਸਤ੍ਰਿਤ ਬਿਰਤਾਂਤ ਪੇਸ਼ ਕੀਤਾ ਹੈ। ਇਸੇ ਖੰਡ ਵਿਚ ਵਿਸਾਖੀ, ਲੋਹੜੀ, ਤੀਆਂ, ਕਰਵਾ ਚੌਥ ਅਤੇ ਸਾਂਝੀ ਬਾਰੇ ਨਿਬੰਧ ਹਨ। ਇਹ ਨਿਬੰਧ ਵੀ ਆਪੋ ਆਪਣੇ ਪ੍ਰਸੰਗ ਦਾ ਸਰੂਪ, ਮਹੱਤਵ ਤੇ ਅਨੁਸ਼ਠਾਨਿਕ ਬਿਰਤਾਂਤ ਚਿਤਰਦੇ ਹਨ। ਇਸ ਖੰਡ ਦਾ ਅੰਤਮ ਨਿਬੰਧ ਸਾਡੇ ਰਸਮੋ ਰਿਵਾਜ਼ ਪੰਜਾਬ ਦੇ ਪ੍ਰਤਿਮਾਨਕ ਸਭਿਆਚਾਰ ਬਾਰੇ ਸੰਖੇਪ ਪਰਤੂੰ ਭਾਵ-ਪੂਰਤ ਚਰਚਾ ਕਰਦਾ ਹੈ।
ਪੁਸਤਕ ਦੀ ਅੰਤਿਕਾ ਵਿਚ ਸੁਖਦੇਵ ਮਾਦਪੁਰੀ ਨੇ ਪੰਜਾਬ ਦੀ ਅਮੀਰ ਵਿਰਾਸਤ ਨੂੰ ਸਾਂਭੀ ਬੈਠੇ ਦੋ ਪਿੰਡਾਂ ਬਾਰੇ ਚਰਚਾ ਕੀਤੀ ਹੈ। ਇਹ ਹਨ ਲੋੜਾਂ ਅਤੇ ਸੰਘੋਲ। ਲੋਪੋਂ ਆਧੁਨਿਕ ਪੰਜਾਬ ਦਾ ਪਿੰਡ ਹੈ ਤੇ ਸੰਘੋਲ ਪੁਰਾਤਨ ਪੰਜਾਬ ਦਾ।ਲੋਪੋਂ ਦੀ ਪ੍ਰਸਿੱਧੀ ਕਾਕੇ ਪਰਤਾਪੀ ਦੀ ਪ੍ਰੀਤ ਕਹਾਣੀ ਕਰਕੇ ਹੈ ਅਤੇ ਸੰਘੋਲ ਦੀ ਹੜੱਪਾ ਕਾਲ ਦੇ ਸਭਿਆਚਾਰਕ ਪਿਛੋਕੜ ਕਰਕੇ। ਇਸੇ ਅੰਤਿਕਾ ਵਿਚ ਲੇਖਕ ਦੇ ਜੀਵਨ ਤੇ ਰਚਨਾ ਨਾਲ ਜਾਣ ਪਛਾਣ ਕਰਵਾਉਣ ਵਾਲੀ ਇਕ ਮੁਲਾਕਾਤ ਅੰਕਿਤ ਹੈ ਜਿਸ ਵਿਚ ਉਹ ਦਰਸ਼ਨ ਆਸ਼ਟ ਦੇ ਜ਼ਰੀਏ ਪਾਠਕਾਂ ਦੇ ਰੂ-ਬਰੂ ਹੈ।
‘ਪੰਜਾਬੀ ਸਭਿਆਚਾਰ ਦੀ ਆਰਸੀ’ ਦਾ ਲੇਖਕ ਸਹਿਜ ਸਰਲ ਤੇ ਲੋਕ ਸਾਹਿਤ ਬਾਰੇ ਜਾਣਕਾਰੀ ਨਾਲ ਭਰਪੂਰ ਹੈ। ਮਸ਼ੀਨੀ-ਯੁਗ ਦੀ ਤੇਜ਼ ਤੋਰ, ਪਦਾਰਥਕ ਰੁਚੀਆਂ, ਕੇਬਲ ਕਲਚਰ, ਪੱਛਮੀ ਸਭਿਆਚਾਰ ਤੇ ਪ੍ਰਿੰਟ ਮੀਡੀਆ ਦੇ ਬਹੁ-ਦਿਸ਼ਾਵੀ ਹਮਲੇ ਹੇਠ ਪੰਜਾਬ ਦੀ ਅਮੀਰ ਵਿਰਾਸਤ ਦੇ ਵਿਭਿੰਨ ਤੱਤਾਂ ਦਾ ਖੁਰਣਾ, ਪੇਤਲੇ ਪੈਣਾ ਜਾਂ ਵਿਸਰਨਾ ਉਸ ਨੂੰ ਚਿੰਤਿਤ ਕਰਦਾ ਹੈ। ਇਸ ਪੱਖੋਂ ਉਸ ਦੀ ਚਿੰਤਾ ਇਨ੍ਹਾਂ ਨਿਬੰਧਾਂ ਵਿਚ ਇਕ ਤੋਂ ਵਧੇਰੇ ਥਾਵਾਂ ਤੇ ਪੇਸ਼ ਹੈ। ਵਿਭਿੰਨ ਕਾਵਿ-ਰੂਪਾਂ ਦੀਆਂ ਚੋਣਵੀਆਂ ਵੰਨਗੀਆਂ ਅਤੇ ਵਿਭਿੰਨ ਖੇਤਰਾਂ ਨਾਲ ਸਬੰਧਤ ਗ੍ਰੰਥਾਂ ਅਤੇ ਵਿਦਵਾਨਾਂ ਬਾਰੇ ਥਾਂ-ਥਾਂ ਜਾਣਕਾਰੀ ਦੇ ਕੇ ਮਾਦਪੁਰੀ ਨੇ ਇਸ ਪੁਸਤਕ ਨੂੰ ਸਚਮੁਚ ਹੀ ਪੰਜਾਬੀ ਸਭਿਆਚਾਰ ਦੀ ਆਰਸੀ ਬਣਾ ਦਿੱਤਾ ਹੈ।
ਡਾ. ਕੁਲਦੀਪ ਸਿੰਘ ਧੀਰ
ਸਾਬਕਾ ਪ੍ਰੋਫੈਸਰ ਤੇ ਡੀਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ
185/ਪੰਜਾਬੀ ਸਭਿਆਚਾਰ ਦੀ ਆਰਸੀ