ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/18

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਆਸ਼ਕ ਭੌਰ ਜੀਹਦੇ ਫਿਰਦੇ ਨੀ ਉਦਾਲੇ
ਸੋਹਲੀ ਤੇਰੀ ਨਢੀਏ ਵਾਂਗ ਨੀ ਕਮਾਣ ਦੇ,
ਅੱਖੀਆਂ ਤੇਰੀਆਂ ਨੇ ਤੀਰ ਨਿਸ਼ਾਨੇ ਲਾ ਲੇ
ਵਿੰਨ੍ਹਿਆਂ ਕਾਲਜਾ ਨਾ ਹਿਲਿਆ ਜਾਵੇ ਰਾਂਝੇ ਤੋਂ
ਇਹ ਜਿੰਦ ਕਰਤੀ ਮੈਂ ਤਾਂ ਤੇਰੇ ਨੀ ਹਵਾਲੇ

ਹੀਰ ਤੋਂ ਰਹਿ ਨਾ ਹੋਇਆ, ਉਹਨੇ ਨਸ ਕੇ ਰਾਂਝੇ ਦੁਆਲੇ ਆਪਣੀਆਂ ਮਖ਼ਮਲੀ ਬਾਹਾਂ ਵਲਾ ਦਿੱਤੀਆਂ। ਰਾਂਝਾ ਤ੍ਰਬਕ ਪਿਆ। ਸੂਹੇ ਗੁਲਾਬ ਵਾਂਗ ਟਹਿਕਦਾ ਹੀਰ ਦਾ ਪਿਆਰਾ ਮੁਖੜਾ ਰਾਂਝੇ ਦੀ ਝੋਲੀ ਵਿੱਚ ਆਣ ਪਿਆ। ਦੋਨਾਂ ਪ੍ਰੀਤ ਨਭਾਉਣ ਦੇ ਕੌਲ-ਕਰਾਰ ਕਰ ਲਏ।

ਹੀਰ ਰਾਂਝੇ ਨੂੰ ਹਰ ਰੋਜ਼ ਬੇਲੇ ਵਿੱਚ ਚੂਰੀ ਖੁਆਉਣ ਜਾਂਦੀ। ਦੋਨੋਂ ਕੱਠੇ ਚੂਰੀ ਖਾਂਦੇ, ਪਿਆਰ ਭਰੀਆਂ ਮਾਖਿਓਂ ਮਿੱਠੀਆਂ ਗੱਲਾਂ ਕਰਦੇ। ਕਈ ਵਰ੍ਹੇ ਇਸੇ ਤਰ੍ਹਾਂ ਲੰਘ ਗਏ। ਆਖ਼ਰ ਇਨ੍ਹਾਂ ਦੇ ਇਸ਼ਕ ਦੀ ਚਰਚਾ ਝੰਗ ਦੇ ਘਰ-ਘਰ ਦੀ ਚਰਚਾ ਬਣ ਗਈ। ਹੀਰ ਦੇ ਮਾਪੇ ਏਸ ਗੱਲ ਤੋਂ ਬੇਖ਼ਬਰ ਸਨ, ਇਨ੍ਹਾਂ ਕੋਲ ਹੀਰ ਬਾਰੇ ਕਿਸੇ ਨੂੰ ਗੱਲ ਕਰਨ ਦੀ ਹਿੰਮਤ ਨਹੀਂ ਸੀ ਪੈਂਦੀ। ਉਂਜ ਆਮ ਲੋਕਾਂ ਨੂੰ ਏਸ ਬਾਂਕੇ ਜੋੜੇ ਦਾ ਪਿਆਰ ਭੈੜਾ ਨਹੀਂ ਸੀ ਲੱਗਦਾ, ਪਰੰਤੂ ਹੀਰ ਦਾ ਚਾਚਾ ਕੈਦੋ ਲੰਗਾ ਇਹ ਬਰਦਾਸ਼ਤ ਨਾ ਕਰ ਸਕਿਆ। ਉਹਦੀ ਸਾਰੀ ਉਮਰ ਉਪੱਧਰਾਂ ਵਿੱਚ ਹੀ ਲੰਘ ਗਈ ਸੀ। ਉਹਨੇ ਆਪਣੇ ਵੱਡੇ ਭਰਾ ਚੂਚਕ ਕੋਲ ਹੀਰ ਰਾਂਝੇ ਦੇ ਇਸ਼ਕ ਦੀ ਗੱਲ ਤੋਰੀ। ਚੂਚਕ ਨੂੰ ਆਪਣੀ ਧੀ ’ਤੇ ਵਿਸ਼ਵਾਸ ਸੀ ਉਸ ਪ੍ਰਮਾਣ ਮੰਗ ਲਿਆ।

ਇਕ ਦਿਨ ਕੈਦੋ ਫ਼ਕੀਰ ਦੇ ਭੇਖ ਵਿੱਚ ਬੇਲੇ ਵਿੱਚ ਪੁੱਜਿਆ। ਰਾਂਝਾ ਚੂਰੀ ਖਾਂਦਾ ਪਿਆ ਸੀ। ਹੀਰ ਪਸ਼ੂਆਂ ਦਾ ਮੋੜਾ ਲਾਣ ਗਈ ਹੋਈ ਸੀ। ਕੈਦੋ ਰਾਂਝੇ ਪਾਸ ਪੁੱਜਿਆ ਤੇ ਲੱਗਾ ਚੂਰੀ ਲਈ ਲੇਲੜ੍ਹੀਆਂ ਕੱਢਣ। ਰਾਂਝੇ ਨੂੰ ਫ਼ਕੀਰ ’ਤੇ ਦਿਆ ਆ ਗਈ। ਉਹਨੇ ਇਕ ਲੱਪ ਚੂਰੀ ਦੀ ਫ਼ਕੀਰ ਦੀ ਚਿੱਪੀ 'ਚ ਪਾ ਦਿੱਤੀ। ਕੈਦੇ ਤੇਜ਼ ਕਦਮੀਂ ਉਥੋਂ ਖਿਸਕ ਗਿਆ। ਹੀਰ ਵਾਪਸ ਆਈ ਉਹਨੂੰ ਜਦੋਂ ਫ਼ਕੀਰ ਦੇ ਚੂਰੀ ਲਜਾਣ ਦਾ ਪਤਾ ਲੱਗਾ ਉਹਦਾ ਮੱਥਾ ਠਣਕਿਆ, ਉਹ ਉਸੇ ਵੇਲੇ ਫ਼ਕੀਰ ਦੇ ਮਗਰ ਨਸ ਟੁਰੀ। ਉਸ ਨੱਸੇ ਜਾਂਦੇ ਕੈਦੋਂ ਨੂੰ ਜਾ ਫੜਿਆ ਤੇ ਲੱਗੀ ਮੁੱਕੀਆਂ ਘਸੁੰਨਾਂ ਨਾਲ ਉਹਦੀ ਮੁਰੰਮਤ ਕਰਨ। ਚਿੱਪੀ ਫੁਟ ਕੇ ਚੂਰੀ ਧਰਤੀ ਉੱਤੇ ਖਿਲਰ ਗਈ। ਮਿੰਨਤਾਂ ਤਰਲੇ ਕਰਕੇ ਕੈਦੋ ਨੇ ਹੀਰ ਪਾਸੋਂ ਆਪਣੀ ਜਾਨ ਛੁਡਾ ਲਈ। ਹੀਰ ਵਾਪਸ ਰਾਂਝੇ ਕੋਲ਼ ਪਰਤ ਆਈ ਤੇ ਕੈਦੋ ਨੇ ਮਗਰੋਂ ਮਿੱਟੀ ਵਿੱਚ ਰਲ਼ੇ ਹੋਏ ਚੂਰੀ ਦੇ ਭੋਰੇ ਕੱਠੇ ਕਰ ਲਏ ਤੇ ਪਿੰਡ ਆ ਕੇ ਚੂਚਕ ਦੇ ਅੱਗੇ ਰੱਖ ਕੇ ਬੋਲਿਆ, "ਇਹ ਹੈ ਤੇਰੀ ਲਾਡਲੀ ਦੀ ਕਰਤੂਤ। ਉਹ ਰੋਜ਼ ਧਗੜੇ ਨੂੰ ਬੇਲੇ ਵਿੱਚ ਚੂਰੀ ਲਜਾ ਕੇ ਖਲਾਂਦੀ ਏ। ਉਹਨੇ ਤਾਂ ਸਾਡੇ ਖ਼ਾਨਦਾਨ ਦਾ ਨੱਕ ਵੱਢ ਕੇ ਰੱਖ ਦਿੱਤੈ।"

ਚੂਚਕ ਦੇ ਸਿਰ ਸੌ ਘੜਾ ਪਾਣੀ ਦਾ ਪੈ ਗਿਆ।

ਪੰਜਾਬ ਦੇ ਲੋਕ ਨਾਇਕ/14