ਇੰਦਰ ਬੇਗੋ
ਇੰਦਰ ਬੇਗੋ ਲਾਹੌਰ ਦੇ ਇਲਾਕੇ ਦੀ ਹਰਮਨ ਪਿਆਰੀ ਸੱਚੀ ਪ੍ਰੀਤ ਕਥਾ ਹੈ ਜਿਸ ਨੂੰ ਨਰੈਣ ਸਿੰਘ, ਪੂਰਨ ਰਾਮ ਅਤੇ ਛੱਜੂ ਸਿੰਘ ਨੇ ਆਪਣੇ ਆਪਣੇ ਕਿੱਸਿਆਂ ਵਿੱਚ ਬੜੇ ਪਿਆਰੇ ਅੰਦਾਜ਼ ਵਿੱਚ ਬਿਆਨ ਕੀਤਾ ਹੈ। ਇਸ ਕਥਾ ਦੀ ਵਿਸ਼ੇਸ਼ ਖੂਬੀ ਇਹ ਹੈ ਕਿ ਇਹ ਇਕੋ ਦਿਨ ਵਿੱਚ ਵਾਪਰਦੀ ਹੈ।
ਲਾਹੌਰ ਦੇ ਲਾਗੇ ਘੁਗ ਵੱਸਦੇ, ਸੱਸਾ ਨਾਮੀ ਪਿੰਡ ਦੇ ਹਿੰਦੂ ਗੁੱਜਰ ਕਿਸ਼ਨ ਸਿੰਘ ਦੀ ਅਲਬੇਲੀ ਧੀ ਬੇਗੋ ਪਿੰਡ ਦੇ ਮਨਚਲੇ ਗੱਭਰੂਆਂ ਦੇ ਸੁਪਨਿਆਂ ਦੀ ਰਾਣੀ ਬਣੀ ਹੋਈ ਸੀ। ਮਾਪਿਆਂ ਉਹਨੂੰ ਬੜੇ ਲਾਡ ਨਾਲ਼ ਪਾਲਿਆ। ਜਿਧਰੋਂ ਵੀ ਬੇਗੋ ਲੰਘਦੀ, ਗੱਭਰੂ ਦਿਲ ਫੜਕੇ ਬੈਠ ਜਾਂਦੇ, ਇੱਕ ਆਹ ਸੀਨਿਓਂ ਪਾਰ ਹੋ ਜਾਂਦੀ। ਉਹਦੀ ਲਟਬੌਰੀ ਚਾਲ, ਉਹਦਾ ਮਘਦਾ ਹੁਸਨ ਗੱਭਰੂਆਂ ਦੇ ਦਿਲਾਂ ਨੂੰ ਧੜਕਾ ਦੇਂਦਾ। ਕਈ ਹੁਸੀਨ ਸੁਪਨੇ ਉਹਨਾਂ ਦੇ ਮਨਾਂ ਵਿੱਚ ਉਣੇ ਜਾਂਦੇ। ਹਰ ਕੋਈ ਬੇਗੋ ਦੇ ਹੁਸਨ ਦੀ ਸਿਫ਼ਤ ਕਰਦਾ ਨਾ ਥੱਕਦਾ:-
ਨਾਲ਼ ਮੜਕ ਦੇ ਤੁਰਦੀ ਬੇਗੋ
ਤੁਰਦੀ ਜਿਉਂ ਮੁਰਗਾਬੀ
ਰੇਬ ਪਜਾਮਾ ਪੱਟੀਂ ਸੋਂਹਦਾ
ਪੈਰਾਂ ਵਿੱਚ ਰਕਾਬੀ
ਨਾਲ਼ ਹੁਸਨ ਦੋ ਕਰੋ ਉਜਾਲਾ
ਮਚਦੀ ਜਿਵੇਂ ਮਤਾਬੀ
ਇਸ਼ਕ ਬਲੀ ਦੀਆਂ ਚੜ੍ਹੀਆਂ ਲੋਰਾਂ
ਝੂਲੇ ਵਾਂਗ ਸ਼ਰਾਬੀ
ਮੁਖੜਾ ਬੇਗੋ ਦਾ
ਖਿੜਿਆ ਫੁੱਲ ਗੁਲਾਬੀ
ਇੱਕ ਦਿਨ ਬੇਗੋ ਨੂੰ ਫੁਲਕਾਰੀ ਕੱਢਣ ਲਈ ਪੱਟ ਦੀ ਲੋੜ ਪੈ ਗਈ। ਉਹਨੇ ਪਿੰਡ ਦੀਆਂ ਸਾਰੀਆਂ ਹੱਟੀਆਂ ਗਾਹ ਮਾਰੀਆਂ ਪਰ ਉਹਨੂੰ ਪਟ ਕਿਧਰੋਂ ਵੀ ਨਾ ਮਿਲ਼ਿਆ। ਕਿਸੇ ਮਨਚਲੀ ਨੇ ਪੱਟ ਲੈਣ ਦੇ ਬਹਾਨੇ ਲਾਹੌਰ ਵੇਖਣ ਲਈ ਰਾਏ ਦੇ ਦਿੱਤੀ। ਪਲਾਂ ਵਿੱਚ ਕਈ ਜਵਾਨੀਆਂ ਜੁੜ ਬੈਠੀਆਂ ਤੇ ਨਵੇਂ ਸੌਦੇ ਖ਼ਰੀਦਣ ਲਈ ਸੋਚਾਂ ਬਣ ਗਈਆਂ।
ਪੰਜਾਬ ਦੇ ਲੋਕ ਨਾਇਕ/61