ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/24

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ


ਬੁੜ੍ਹਾ ਕਹਿੰਦਾ, "ਇਹ ਤਾਂ ਮੈਂ ਵੱਢ ਦਿੱਤਾ।"
ਉਹ ਕਹਿੰਦੀ, "ਚੰਗਾ ਕੀਤਾ ਜੇ ਵੱਢ ਦਿੱਤਾ। ਮੈਨੂੰ ਕਿੱਥੇ ਪਰਦੇਸ 'ਚ ਕੱਢ ਕੇ ਲੈ ਆਇਆ ਸੀ।"
ਬੁੜ੍ਹਾ ਤੇ ਕੁੜੀ ਅੱਗੇ ਜਾਂਦੇ ਨੇ।ਕੁੜੀ ਕਹਿੰਦੀ, "ਮੇਰਾ ਆਦਮੀ ਤਾਂ ਇਹੋ ਜਿਹਾ ਸੀ ਉਹ ਉਡਦੇ ਜਾਨਵਰਾਂ ਨੂੰ ਗੋਲੀ ਮਾਰ ਕੇ ਮਾਰ ਦਿਆ ਕਰਦਾ ਸੀ।"
ਉਹ ਕਹਿਣ ਲੱਗਾ, "ਜਾਂਦੇ ਜਨੌਰ ਨੂੰ ਤਾਂ ਮੈਂ ਵੀ ਮਾਰ ਦੇਨਾਂ। ਜਾਂਦੇ ਜਨੌਰ ਨੂੰ ਮਾਰਨਾ ਕੀ ਔਖੈ।"
ਉਹ ਮਾਰਨ ਲੱਗਿਆ ਤੇ ਉਪਰ ਤੱਕਣ ਲੱਗਾ। ਕੁੜੀ ਨੇ ਗੋਲੀ ਮਾਰ ਕੇ ਬੁੜ੍ਹਾ ਮਾਰ ਦਿੱਤਾ।
ਫੇਰ ਉਹ ਘੋੜੇ ਲੈਕੇ ਉਸ ਮੁੰਡੇ ਕੋਲ ਆ ਗਈ ਜਿੱਥੇ ਉਹ ਵੱਢਿਆ ਪਿਆ ਸੀ।ਉਹ ਉਥੇ ਬੈਠੀ ਰੋਂਦੀ ਐ ਤੇ ਵਰਲਾਪ ਕਰਦੀ ਐ।
ਜਦ ਉਹ ਰੋਂਦੀ ਐ ਮਹਾਂਦੇਵ ਤੇ ਪਾਰਬਤੀ ਜਾਂਦੇ ਨੇ। ਪਾਰਬਤੀ ਕਹਿੰਦੀ, "ਮਹਾਂਦੇਵ ਮੈਂ ਤਾਂ ਦੇਖ ਕੇ ਆਉਨੀ ਆਂ ਬਈ ਬੈਠੀ ਕੌਣ ਰੋਂਦੀ ਐ।
ਉਹ ਕਹਿੰਦਾ, "ਕੀ ਲੈਣਾ ਪਾਰਬਤੀ। ਮੁਲਕ ਮਾਹੀ ਦਾ ਵਸਦੈ ਕੋਈ ਰੋਂਦੈ ਕੋਈ ਹਸਦੈ।"
ਕਹਿੰਦੀ, "ਨਾ ਮੈਂ ਤਾਂ ਜ਼ਰੂਰ ਦੇਖ ਕੇ ਆਉਣੈ।"
ਉਹ ਉਸ ਨੂੰ ਉਹਦੇ ਕੋਲ ਲੈ ਗਿਆ।
ਮਹਾਂਦੇਵ ਨੇ ਅਮੀ ਜਲ ਦਾ ਛਿੱਟਾ ਦਿੱਤਾ। ਉਹ ਰਾਮ ਰਾਮ ਕਰਦਾ ਉਠ ਖੜੋਤਾ।
ਉਹ ਕਹਿੰਦਾ, "ਬੜਾ ਸੁੱਤਾ, ਅੱਜ ਤਾਂ ਬੜੀ ਨੀਂਦ ਆਈ।
ਕੁੜੀ ਕਹਿੰਦੀ, "ਕਿੱਥੇ ਸੁੱਤਾ ਤੂੰ, ਬੁੜ੍ਹਾ ਤਾਂ ਤੈਨੂੰ ਵੱਢ ਕੇ ਚਲਿਆ ਗਿਆ ਸੀ। ਉਹਨੂੰ ਮੈਂ ਵੱਢ ਆਈ ਆਂ।"
ਉਹ ਫੇਰ ਅੱਗੇ ਤੁਰ ਪਏ। ਗਹਾਂ ਉਹਨਾਂ ਨੂੰ ਬਾਜ਼ੀਗਰਾਂ ਦੀਆਂ ਝੁੱਗੀਆਂ ਕੋਲ ਰਾਤ ਪੈ ਗਈ। ਬਾਜ਼ੀਗਰਨੀ ਕੁੜੀ ਨੂੰ ਕਹਿਣ ਲੱਗੀ, "ਜੀਹਦੇ ਨਾਲ ਤੂੰ ਫਿਰਦੀ ਐਂ, ਤੈਨੂੰ ਪਤੈ ਇਹਦੀ ਕੀ ਜਾਤ ਐ ?"
ਮੈਨੂੰ ਤਾਂ ਪਤਾ ਨੀ ।"
ਬਾਜ਼ੀਗਰਨੀ ਕਹਿੰਦੀ, "ਤਾਂ ਜਾਤ ਪੁੱਛ-ਉਹਦੇ ਨਾਲ ਰਾਤ ਨੂੰ ਰੋਟੀ ਖਾਈਂ।"
ਉਹਦੇ ਨਾਲ ਆਥਣ ਨੂੰ ਰੋਟੀ ਖਾਣ ਲੱਗ ਪਈ। ਮੁੰਡਾ ਬੁਰਕੀ ਬਾਂਹ ਵਿੱਚ ਪਾਈ ਜਾਵੇ ਕੁੜੀ ਮੂੰਹ ਵਿੱਚ।
ਬਾਜ਼ੀਗਰਨੀ ਸਵੇਰੇ ਉਠਦਿਆਂ ਨੂੰ ਕਹਿੰਦੀ, "ਤੈਨੂੰ ਜਾਤ ਦਾ ਪਤਾ ਲੱਗਿਆ ?"
"ਮੈਨੂੰ ਤਾਂ ਭੈਣੇ ਪਤਾ ਨੀ ਲੱਗਿਆ।"
"ਰੋਟੀ ਤੇਰੇ ਨਾਲ ਖਾਧੀ ਫੇਰ ਵੀ ਪਤਾ ਨੀ ਲੱਗਿਆ। ਅੱਛਾ ਜੇ ਪਤਾ ਕਰਨੈ ਤਾਂ ਏਸ ਦੇ ਨਾਲ ਤਦ ਤੁਰੀਂ ਜਦ ਇਹ ਆਪਣੀ ਜਾਤ ਦੱਸੂਗਾ।"
ਉਹ ਕਹਿੰਦਾ, "ਚਲ ਆਪਾਂ ਚੱਲੀਏ।"
ਉਹ ਕਹਿੰਦੀ, "ਮੈਂ ਜਾਤ ਪੁਛਣੀ ਐਂ, ਪਹਿਲਾਂ ਜਾਤ ਦਸ ਤਾਂ ਤੁਰੂੰਗੀ।"

20