ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/72

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਮਤੇਈ ਤੇ ਉਹਦਾ ਪੁੱਤ


ਇੱਕ ਸੀ ਰਾਜਾ ਇੱਕ ਸੀ ਰਾਣੀ। ਇੱਕ ਉਹਨਾਂ ਦੇ ਮੁੰਡਾ ਸੀ ਤੇ ਇੱਕ ਧੀ ਸੀ। ਰਾਣੀ ਬੀਮਾਰ ਹੋ ਕੇ ਮਰ ਗਈ। ਫੇਰ ਰਾਜੇ ਨੇ ਹੋਰ ਵਿਆਹ ਕਰਵਾ ਲਿਆ।
ਦੂਜੀ ਰਾਣੀ ਦੇ ਕੁੜੀ ਹੋਈ।ਉਹ ਆਪਣੀ ਕੁੜੀ ਨੂੰ ਆਪਣੇ ਨਾਲ ਦੀ ਰੋਟੀ ਦਿਆ ਕਰੇ ਪਹਿਲੀ ਰਾਣੀ ਦੇ ਬੱਚਿਆਂ ਨੂੰ ਸੂੜ੍ਹੀ ਦੀ ਰੋਟੀ ਦਿਆ ਕਰੇ। ਦੋਏ ਮੁੰਡਾ ਕੁੜੀ ਆਪਣੀ ਮਾਂ ਦੀ ਮੜੀ ਤੇ ਜਾ ਕੇ ਰੋਣ ਲੱਗ ਪਏ। ਮੜੀ ਦੇ ਲਾਗੇ ਇੱਕ ਬੇਰੀ ਸੀ ਮੜ੍ਹੀ ਚੋਂ ਉਹਨਾਂ ਦੀ ਮਾਂ ਕਹਿੰਦੀ, “ਜਦ ਤੁਸੀਂ ਏਸ ਬੇਰੀ ਨੂੰ ਹੱਥ ਲਾਇਆ ਕਰੋਗੇ ਬੇਰੀ ਨੀਵੀਂ ਹੋ ਜਾਇਆ ਕਰੂਗੀ ਤੇ ਬੇਰ ਮਿੱਠੇ ਹੋ ਜਾਇਆ ਕਰਨਗੇ। ਤੁਸੀਂ ਖਾ ਲਿਆ ਕਰਨਾ|"
ਉਹ ਏਸੇ ਤਰ੍ਹਾਂ ਕਰਨ ਲੱਗੇ। ਬੇਰੀ ਦੇ ਬੇਰ ਖਾ ਕੇ ਉਹ ਆਪਣਾ ਗੁਜ਼ਾਰਾ ਕਰਨ ਲੱਗੇ। ਇੱਕ ਦਿਨ ਰਾਣੀ ਨੇ ਆਪਣੀ ਕੁੜੀ ਉਹਨਾਂ ਨਾਲ ਭੇਜ ਦਿੱਤੀ ਕਹਿੰਦੀ, “ਜਾ ਦੇਖ ਕੀ ਖਾਂਦੇ ਨੇ।"
ਉਹ ਉਹਨਾਂ ਨਾਲ ਬੇਰੀ ਕੋਲ ਚਲੀ ਗਈ। ਕੁੜੀ ਕਹਿੰਦੀ, “ਚਲ ਵੀਰਾ ਦੇ ਦੇ ਇਹਨੂੰ ਵੀ ਦੋ ਬੇਰ।" ਉਹਨਾਂ ਨੇ ਉਹਨੂੰ ਬੇਰ ਦੇ ਦਿੱਤੇ। ਉਹ ਬੇਰ ਘਰ ਨੂੰ ਲਿਆਈ, ਕਹਿੰਦੀ, “ਬੇਬੇ ਆਏ ਖਾਂਦੇ ਨੇ।"
ਰਾਣੀ ਖਣਪੱਟੀ ਲੈ ਕੇ ਪੈ ਗਈ। ਸ਼ਾਮੀ ਰਾਜਾ ਆਇਆ ਕਹਿੰਦਾ, “ਰਾਣੀ ਰਾਣੀ ਤੂੰ ਪਈ।”
ਰਾਣੀ ਕਹਿੰਦੀ, “ਜਿਹੜੀ ਮੜੀ ਤੇ ਬੇਰੀ ਐ ਉਹ ਪਟ, ਫੇਰ ਜਿਉਨੀ ਆਂ।"
ਰਾਜੇ ਨੇ ਬੇਰੀ ਪਟਵਾ ਦਿੱਤੀ। ਮੁੰਡਾ ਕੁੜੀ ਫੇਰ ਆਪਣੀ ਮਾਂ ਦੀ ਮੜੀ ਤੇ ਜਾ ਕੇ ਰੋਣ ਲੱਗੇ। ਕਹਿੰਦੀ, “ਜਦ ਤੁਸੀਂ ਟੋਭੇ ਤੇ ਜਾਓਗੇ ਗਾਰੇ ਨੂੰ ਹੱਥ ਲਾਣ ਤੇ ਉਹ ਕੜਾਹ ਬਣਜੂਗਾ, ਤੁਸੀਂ ਖਾ ਲਿਆ ਕਰਨਾ-ਕਿਸੇ ਹੋਰ ਦੇ ਹੱਥ ਲਾਉਣ ਤੇ ਇਹ ਫੇਰ ਗਾਰਾ ਬਣ ਜੁਗਾ।"
ਕਈ ਦਿਨ ਰਾਣੀ ਨੇ ਉਹਨਾਂ ਨੂੰ ਰੋਟੀ ਨਾ ਦਿੱਤੀ। ਉਹ ਟੋਭੇ ਤੇ ਜਾਇਆ ਕਰਨ, ਕੜਾਹ ਖਾ ਲਿਆ ਕਰਨ। ਇੱਕ ਦਿਨ ਰਾਣੀ ਨੇ ਆਪਣੀ ਕੁੜੀ ਉਹਨਾਂ ਨਾਲ ਘੱਲ ਦਿੱਤੀ। ਉਹ ਘਰ ਨੂੰ ਕੜਾਹ ਲੈ ਆਈ। ਰਾਣੀ ਫੇਰ ਖਣਪੱਟੀ ਲੈ ਕੇ ਪੈ ਗਈ। ਰਾਜਾ ਕਹਿੰਦਾ, “ਹੇ ਰਾਣੀ ਤੂੰ ਪਈ।"
ਕਹਿੰਦੀ, “ਕੁਛ ਨਾ ਪੁੱਛ|"
 ਕਹਿੰਦਾ, “ਫੇਰ ਵੀ।"
ਕਹਿੰਦੀ, ਟੋਭੇ ਨੂੰ ਭਰਵਾ ਦੇ ਤਾਂ ਜਿਊਨੀ ਆਂ।"

68