ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਾਰ ਠੱਗ ਤੇ ਚੁਸਤ ਤੀਵੀ


ਚਾਰ ਠੱਗ ਸੀ। ਬੜਾ ਭਾਈ ਕਹਿੰਦਾ, “ਚਲੋ ਆਪਾਂ ਇੱਕ ਤੀਵੀਂ ਲਿਆਈਏ।" ਫੇਰ ਉਹ ਇੱਕ ਬੀਹੀ ਵਿੱਚ ਜਾ ਬੜੇ। ਅੱਗੇ ਇੱਕ ਤੀਵੀਂ ਚਰਖਾ ਕੱਤਦੀ ਸੀ। ਬੜਾ ਭਾਈ ਕਹਿੰਦਾ, “ਬੀਬੀ ਮੱਥਾ ਟੇਕਦਾਂ।”
ਉਹ ਬੋਲੀ, “ਜਿਉਂਦਾ ਰਹਿ ਭਾਈ।" ਫੇਰ ਉਹ ਉਹਨੂੰ ਆਪਣੇ ਘਰ ਲੈ ਆਈ ਤੇ ਉਹਦੀ ਚੰਗੀ ਸੇਵਾ ਕੀਤੀ। ਆਥਣ ਨੂੰ ਤੀਵੀਂ ਦੇ ਘਰ ਵਾਲਾ ਆਇਆ। ਓਸ ਆ ਕੇ ਪੁੱਛਿਆ, “ਇਹ ਪਰਾਹੁਣਾ ਕੌਣ ਐ?".ਉਹ ਬੋਲੀ, “ਮੈਂ ਤਾਂ ਸਮਝਦੀ ਸੀ ਬਈ ਇਹ ਤੇਰਾ ਕੋਈ ਜਾਣੁ ਐ। ਮੈਂ ਤਾਂ ਨੀ ਇਹਨੂੰ ਜਾਣਦੀ।
ਪਰਾਹੁਣਾ ਕਹਿੰਦਾ, “ਮੇਰੇ ਭਾਈਆਂ ਦਾ ਵਿਆਹ ਐ, ਥੋਡੇ ਵਿੱਚੋਂ ਇੱਕ ਜਾਣਾ ਮੇਰੇ ਨਾਲ ਚੱਲੋ।”
ਤੀਵੀਂ ਉਹਦੇ ਨਾਲ ਜਾਣ ਲਈ ਤਿਆਰ ਹੋ ਗਈ।
ਗੱਡੀ ਜੋੜ ਕੇ ਉਹ ਤੁਰ ਪਏ। ਰਸਤੇ ਵਿੱਚ ਉਹ ਬਥੇਰਾ ਕਹੇ “ਭਾਈ ਖੜ ਜਾ। ਉਹ ਕਹਿੰਦਾ, “ਦਾਦੀ ਖੜਦੇ ਦੀ।"
ਰਸਤੇ ਵਿੱਚ ਇੱਕ ਸੁੱਕਾ ਪਿੱਪਲ ਆਇਆ। ਉਸ ਨੇ ਓਸ ਪਿੱਪਲ ਵਿੱਚ ਆਪਣਾ ਮੁੰਡਾ ਸੁੱਟ ਦਿੱਤਾ ਤੇ ਆਖਿਆ, “ਹੇ ਬਰਮਾ ਜੇ ਮੈਂ ਜਿਊਂਦੀ ਰਹੀ ਤਾਂ ਲੈਜੂੰਗੀ ਨਹੀਂ ਨੀ ਲੈ ਕੇ ਜਾਂਦੀ।"
ਠੱਗ ਉਹਨੂੰ ਆਪਣੇ ਘਰ ਲੈ ਗਿਆ। ਤੀਵੀਂ ਨੇ ਘਰ ਚੰਗੀ ਤਰ੍ਹਾਂ ਸੁੰਭਰਿਆ ਫੇਰ ਕਹਿੰਦੀ, “ਜਾ ਹੁਣ ਸ਼ਰਾਬ ਲੈ ਆ।"
ਉਹ ਸੱਤ ਬੋਤਲਾਂ ਲੈ ਆਇਆ। ਉਹ ਕਹਿੰਦਾ, “ਪੀ।” ਉਹ ਬੋਲੀ, “ਪਹਿਲਾ ਛੰਨਾ ਤੂੰ ਪੀ।" ਉਹਨੇ ਪੀ ਲਿਆ। ਤੀਵੀਂ ਨੇ ਛੰਨਾ ਆਪਣੀ ਕੁੜਤੀ ਹੇਠ 'ਡੋਲ੍ਹ ਲਿਆ। ਇੱਕ ਓਸ ਨੂੰ ਹੋਰ ਭਰ ਕੇ ਦੇ ਦਿੱਤਾ। ਉਹਨੇ ਪੀ ਲਿਆ। ਉਹ ਆਪਣੀ ਵਾਰੀ ਦਾ ਛੰਨਾ ਕੁੜਤੀ ਹੇਠ ਚੋਂ ਡੋਲਦੀ ਰਹੀ। ਇਸ ਤਰ੍ਹਾਂ ਆਦਮੀ ਨੇ ਸਾਰੀ ਸ਼ਰਾਬ ਪੀ ਲਈ ਤੇ ਉਹ ਬੇਹੋਸ਼ ਹੋ ਗਿਆ। ਤੀਵੀਂ ਨੇ ਉਸ ਨੂੰ ਚੱਕ ਕੇ ਖਲ ਵਿੱਚ ਖਲਾਰ ਦਿੱਤਾ, ਘਰ ਵਿੱਚੋਂ ਸਾਰੇ ਰੁਪਏ ਚੁੱਕ ਲਏ। ਬਾਹਰੋਂ ਜਿੰਦਾ ਲਾ ਕੇ ਨੱਸ ਗਈ।
ਬਾਹਰੋਂ ਠੱਗ ਦੇ ਦੂਜੇ ਭਾਈ ਆ ਗੇ। ਆ ਕੇ ਜਿੰਦਾ ਭੰਨਿਆ! ਘਰ ਪੁੱਟਿਆ ਪਿਆ ਸੀ ਤੇ ਉਹਨਾਂ ਦਾ ਭਾਈ ਇੱਕ ਖੱਲ ’ਚ ਖੜਾ ਸੀ। ਫੇਰ ਇੱਕ ਨੇ ਆਖਿਆ, “ਓਸੇ ਤੀਵੀਂ ਨੂੰ ਫੇਰ ਲੈ ਕੇ ਆਉਣੈ।”

77