ਪੰਨਾ:ਬਿਜੈ ਸਿੰਘ.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਕਲ ਗਏ। ਇਕ ਥਾਂ ਤੇ ਪੈਰ ਨੂੰ ਕੁਝ ਨਰਮ ਨਰਮ ਲਗਣ ਕਰ ਕੇ ਠਿਠਕ ਗਏ। ਜਾਂ ਬਿਜਲੀ ਦਾ ਲਿਸ਼ਕਾਰਾ ਵੱਜਾ ਤਾਂ ਇਕ ਸਿੰਘ ਭੁਜੰਗੀ ਅਰ ਇਕ ਸਿੰਘਣੀ ਉਨ੍ਹਾਂ ਦੀ ਦ੍ਰਿਸ਼ਟੀ ਪਈ, ਦੂਜੇ ਚਮਕਾਰੇ ਵਿਚ ਤਸੱਲੀ ਹੋ ਗਈ ਕਿ ਠੀਕ ਇਹ ਕਿਸੇ ਸਿੰਘ ਦਾ ਪਰਵਾਰ ਹੈ। ਭਾਈ ਜੀ ਨੇ ਹਿਕਮਤ ਨਾਲ ਇਕ ਚੁਕਿਆ ਅਰ ਥੋੜੀ ਦੂਰ ਪੁਰ ਇਕ ਕੱਚੇ ਕੋਠੇ ਦੇ ਅੰਦਰ ਲੈ ਵੜੇ, ਫੇਰ ਦੋ ਜਣੇ ਆ ਕੇ ਸਿੰਘਣੀ ਨੂੰ ਚਾ ਲਿਗਏ। ਇਹ ਉਹ ਅਸਥਾਨ ਸੀ ਜਿਥੇ ਅਜ ਕਲ ਸੁੰਦਰ ਮੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਡੇਹਰਾ ਸਾਹਿਬ ਕਰਕੇ ਸਜ ਰਿਹਾ ਹੈ। ਉਨ੍ਹੀਂ ਦਿਨੀਂ ਦੇਹੁਰੇ ਦੇ ਨਾਲ ਇਕ ਕੱਚਾ ਕੋਠਾ ਤੇ ਵਲਗਣ ਜਿਹੀ ਸੀ ਅਰ ਇਸੇ ਕਰਕੇ ਕਿਸੇ ਦੀ ਨਜ਼ਰ ਘੱਟ ਖਿੱਚ ਹੁੰਦੀ ਸੀ। ਇਕ ਸੂਰਮਾਂ ਸਿਖ ਇਥੇ ਰਹਿੰਦਾ ਸੀ ਅਰ ਪੰਥ ਦੇ ਮੂੰਹੀਆਂ ਲਈ ਬੜੀ ਸਹਾਇਤਾ ਦਾ ਕਾਰਨ ਸੀ। ਜਾਂ ਬਿਜਲਾ ਸਿੰਘ ਜੀ ਅੰਦਰ ਗਏ ਤਾਂ ਕੀ ਦੇਖਦੇ ਹਨ ਕਿ ਅੱਗੇ ਦੋ ਤਰੈ ਸਿੰਘ ਭੇਸਵਰੇ ਵਿਚ ਹੋਰ ਬੈਠੇ ਹਨ ਜੋ ਕੂੜਾ ਸਿੰਘ ਦੇ ਜਥੇ ਵਿਚੋਂ ਬਿਜੈ ਸਿੰਘ ਦੀ ਭਾਲ ਵਿਚ ਆਏ ਹੋਏ ਸਨ। ਹੁਣ ਦੋਹਾਂ ਸਿੰਘਾਂ ਨੇ ਸਿੰਘਣੀ ਤੇ ਭੁਜੰਗੀ ਸਿੰਘ ਨੂੰ ਦੇਖਿਆ ਅਰ ਪਛਾਣਿਆ ਕਿ ਇਹ ਤਾਂ ਬਿਜੈ ਸਿੰਘ ਦੇ ਪੁਤ੍ਰ ਅਰ ਇਸਤ੍ਰੀ ਹਨ, ਉਹਨਾ ਦੇ ਭਿੱਜੇ ਕਪੜੇ ਲਾਹ ਕੇ ਸੁੱਕੇ ਚਾਦਰੇ ਲਪੇਟ ਦਿੱਤੇ, ਅੱਗ ਬਾਲ ਕੇ ਸੇਕ ਦਿੱਤਾ, ਅਰ ਕੁਛ ਦਾਰੂ ਦਰਮਲ ਤਾਕਤ ਦਾ ਦਿੱਤਾ। ਸਾਰੀ ਰਾਤ ਧਰਮੀਆਂ ਦੀ ਮਿਹਨਤ ਨੇ ਦੋਹਾਂ ਅਤਿ ਦੇ ਨਿਰਬਲਾਂ ਫੇਰ ਜੀਉਣ ਜੋਗਾ ਕਰ ਦਿੱਤਾ ਅਰ ਤੰਦਰੁਸਤੀ ਦੇ ਨਰੋਏ ਹੱਥ ਨੇ ਪਿਆਰ ਦੇ ਕੇ ਉਹਨਾਂ ਦੀ ਮੁਰਝਾ ਰਹੀ ਜੀਵਨ-ਰੌ ਨੂੰ ਸੁਰਜੀਤ ਕਰ ਦਿੱਤਾ। ਅਸਲ ਵਿਚ ਪਹਿਲੋਂ ਤਾਂ ਮੀਂਹ ਵਿਚ ਭਿੱਜਣਾ ਹੀ ਉਹਨਾਂ ਦੇ ਭਾਰੇ ਆ ਗਿਆ ਸੀ, ਕਿਉਂਕਿ ਜ਼ਹਿਰ ਦਾ ਕਾਹੜਾ ਜੋ ਉਨ੍ਹਾਂ ਨੂੰ ਪਿਲਾਇਆ ਗਿਆ ਸੀ ਉਸ ਵਿਚ ਕੁਛ ਅਫੀਮ ਦੀ ਰਸ ਬੀ ਸੀ। ਜ਼ਹਿਰ ਪੀਂਦੇ ਸਾਰੇ ਉਤਾੜਾਂ ਆ ਜਾਣ ਕਰ ਕੇ ਹੋਰ ਜ਼ਹਿਰ ਤਾਂ ਨਿਕਲ ਗਏ ਸਨ, ਅਰ ਕੈਆਂ ਗੁਣਕਾਰ ਪਈਆਂ ਸਨ, ਪਰ ਅਫੀਮ

-੧੫੨-