ਪੰਨਾ:ਬਿਜੈ ਸਿੰਘ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਭ ਗਿਆ।

ਇਹ ਦਰਦਨਾਕ ਸਮਾਚਾਰ ਸੁਣ ਕੇ ਸਭ ਦੇ ਕਲੇਜੇ ਕੰਬ ਗਏ, ਅੱਖਾਂ ਵਿਚ ਜਲ ਤੇ ਦਿਲਾਂ ਵਿਚ ਰੋਹ ਭਰ ਗਿਆ, ਆ ਬਣੀ ਦਾ ਕੀ ਦਾਰੂ?

ਮੱਜਾ ਸਿੰਘ-ਸਿੰਘ ਜੀ! ਭਾਈ ਸਾਹਿਬ ਫੜੇ ਕਿੱਕੁਰ ਗਏ?

ਗੱਜਣ ਸਿੰਘ-ਉਹ ਸੁਕੜੀ ਪ੍ਰੇਤ, ਉਸਨੇ ਵਿਸਾਹਘਾਤ ਕੀਤਾ ਹੈ।

ਬਿਜੈ ਸਿੰਘ-ਉਹੋ! ਕੀ ਉਹ ਐਸਾ ਦੁਸ਼ਟ ਹੈ? ਮੈਨੂੰ ਸੰਸਾ ਤਾਂ ਫੁਰਿਆ ਕਰਦਾ ਸੀ ਕਿ ਇਹ ਕੋਈ ਸਾਫ਼ ਦਿਲ ਪੁਰਖ ਨਹੀਂ ਹੈ; ਪਰ ਅੱਜ ਪੂਰਾ ਪਤਾ ਲੱਗਾ। ਹੇ ਕਰਤਾਰ! ਕਿਹੇ ਜਿਹੇ ਬਘਿਆੜ ਗਊਆਂ ਦੀ ਸੂਰਤ ਵਿਚ ਫਿਰ ਰਹੇ ਹਨ।

ਦਿੱਲੀ ਭੰਨ ਸਿੰਘ-ਖਾਲਸਾ ਜੀ! ਕੀ ਕਰੀਏ, ਗੁਰੂ ਦਾ ਭਾਣਾ ਹੀ ਐਸਾ ਹੈ? ਕਿਸੇ ਦਾ ਕਸੂਰ ਨਹੀਂ। ਮਹਾਰਾਜ ਨੂੰ ਇਹੋ ਮੰਨਜ਼ੂਰ ਹੈ ਕਿ ਮੇਰੇ ਪਿਆਰੇ ਸ਼ਹੀਦ ਹੋਣ, ਪਾਪ ਮੁਗ਼ਲਾਂ ਦੇ ਜ਼ਿੰਮੇ ਰਹੇ ਉਨ੍ਹਾਂ ਦਾ ਬੇੜਾ ਗ਼ਰਕ ਹੋਵੇ, ਰਾਜ ਝਬਦੇ ਨਸ਼ਟ ਹੋਵੇ।

ਮੁਗਲ ਦਮਨ ਸਿੰਘ-ਜੀ ਸੱਚ ਹੈ, ਹੁਣ ਦੱਸੋ ਕਿ ਕੀ ਇਹ ਹਾਲ ਇੱਦਾਂ ਹੀ ਰਹੂ? ਲਾਹੌਰ ਵਿਚ ਸਿੰਘ ਸ਼ਹੀਦ ਹੁੰਦੇ ਹਨ, ਅਰ ਸਿੰਘਾਂ ਦੇ ਘਾਣ ਬੱਚੇ ਪੀੜੀਂਦੇ ਹਨ। ਖਾਲਸਾ ਤਾਂ ਬਨ ਵਿਚ ਲੁਕ ਰਿਹਾ ਹੈ ਤੇ ਇਨ੍ਹਾਂ ਪਿਛਲਿਆਂ ਦਾ ਕੀ ਹਾਲ?

ਬਿਜੈ ਸਿੰਘ-ਫੇਰ ਹੁਣ ਐਉਂ ਕਰੀਏ ਕਿ ਕੋਈ ਢਬ ਪੰਥ ਨੂੰ ਕੱਠੇ ਕਰਨ ਦਾ ਕੱਢੀਏ!

ਠੱਕ-ਠੱਕ-ਠੱਕ!

ਹੈਂ ਇਹ ਕੀ ਹੋਇਆ? ਹਵ੍ਹੇਲੀ ਦੇ ਹੋ ਖੜਕੇ! ਪਲੋ ਪਲੀ ਵਿਚ ਲਾਲਾ ਲੀਲਾ ਰਾਮ ਦਮ ਚੜ੍ਹੇ ਹੋਏ ਆ ਪਹੁੰਚੇ ਤੇ ਬੋਲੇ:- ‘ਖਾਲਸਾ ਜੀ! ਕੂਚ ਕਰੋ, ਅੱਜ ਮਾਰੇ ਗਏ; ਸਰਕਾਰੇ ਖ਼ਬਰ ਹੋ ਗਈ ਹੈ ਪਿਆਦੇ ਸੁਆਰ ਬਾਹਰ ਆ ਰਹੇ ਹਨ।’

ਰਾਘੋ ਸਿੰਘ-ਫੇਰ ਕੀ ਡਰ ਹੈ, ਹੁਣੇ ਜੰਗ ਕਰਦੇ ਹਾਂ।

ਲਾਲਾ ਜੀ-ਸੱਚ ਹੈ; ਪਰ ਇਸ ਠਾਹਰ ਨੂੰ ਬਣੀ ਰਹਿਣ ਦਿਓ!

-੨੩-

Page 29

www.sikhbookclub.com