ਪੰਨਾ:ਬਿਜੈ ਸਿੰਘ.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਪ੍ਰਵੇਸ਼ਕਾ


ਕਹਿੰਦੇ ਹਨ ਜੇ ਕਿਸੇ ਕੌਮ ਨੂੰ ਨਿਰਬਲ ਕਰਨਾ ਹੋਵੇ ਤਾਂ ਸਭ ਤੋਂ ਸੌਖਾ ਤਰੀਕਾ ਉਸ ਦੀ ਜ਼ਬਾਨ ਤੇ ਸੰਸਕ੍ਰਿਤੀ ਨੂੰ ਖ਼ਤਮ ਕਰਨਾ ਹੈ। ਠੀਕ ਇਹੋ ਹੀ ਹਾਲ ਸਿੱਖ ਰਾਜ ਦੇ ਪਤਨ ਪਿਛੋਂ ਸਿੱਖਾਂ ਦਾ ਹੋਇਆਂ। ਦਰਅਸਲ ਕੌਮ ਵਿਚ ਕਮਜ਼ੋਰੀ ਦੀਆਂ ਨਿਸ਼ਾਨੀਆਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਆ ਗਈਆਂ ਸਨ। ਰਾਜ ਭਾਗ ਨਾਲ ਸੰਬੰਧਿਤ ਉਹ ਸਾਰੇ ਰੀਤੀ-ਰਿਵਾਜ ਜਿਨ੍ਹਾਂ ਨੂੰ ਗੁਰੂ ਸਾਹਿਬਾਂ ਨੇ ਭੰਡਿਆ ਸੀ, ਮੁੜ ਸਿੱਖ ਸਮਾਜ ਵਿਚ ਹਾਵੀ ਹੋ ਗਏ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ੧੦ ਵਰ੍ਹੇ ਬਾਦ ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਸ਼ਾਮਲ ਕਰ ਲਿਆ ਗਿਆ ਤੇ ਸਿੱਖ ਰਾਜ ਦੀ ਆਖ਼ਰੀ ਨਿਸ਼ਾਨੀ ਮਹਾਰਾਜਾ ਦਲੀਪ ਸਿੰਘ ਨੂੰ ਇਸਾਈ ਬਣਾ ਕੇ ਇੰਗਲੈਂਡ ਭੇਜ ਦਿੱਤਾ ਗਿਆ। ਸਿੱਖਾਂ ਦਾ ਸਭ ਤੋਂ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਗੁਰੂਧਾਮਾਂ ਦੇ ਪ੍ਰਬੰਧ ਲਈ ਅੰਗਰੇਜ਼ਾਂ ਨੇ ਸਰਬਰ੍ਹਾ ਨਿਯੁਕਤ ਕਰਕੇ ਅਸਿੱਧੇ ਤੌਰ ਉਤੇ ਆਪਣਾ ਕਬਜ਼ਾ ਕਰ ਲਿਆ। ਇਸਾਈ ਮਿਸ਼ਨਰੀਆਂ ਤੇ ਆਰੀਆ ਸਮਾਜੀ ਪ੍ਰਚਾਰਕਾਂ ਨੇ ਸਿੱਖ ਧਰਮ ਉਤੇ ਕਈ ਤਰ੍ਹਾਂ ਦੇ ਮਾਰੂ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਸਿੱਖ ਕੌਮ ਨੂੰ ਸੰਗਠਿਤ ਕਰਕੇ, ਉਸ ਵਿਚ ਮੁੜ ਰੂਹ ਭਰਨ ਲਈ ਸਿੰਘ ਸਭਾ ਲਹਿਰ ਦੀ ਸਥਾਪਨਾ ਹੋਈ; ਜਿਸ ਦੇ ਮੋਢੀ ਭਾਈ ਸਾਹਿਬ ਭਾਈ ਵੀਰ ਸਿੰਘ ਸਨ। ਭਾਈ ਸਾਹਿਬ ਨੇ ਮਹਿਸੂਸ ਕੀਤਾ ਕਿ ਕੋਮ ਨੂੰ ਆਪਣੇ ਵਿਰਸੇ ਦੀ ਪਹਿਚਾਨ ਕਰਵਾਉਣ ਲਈ ਪੰਜਾਬੀ ਜ਼ੁਬਾਨ ਤੇ ਸਿੱਖ ਇਤਿਹਾਸ ਵੱਲ ਲਿਜਾਣਾ ਜ਼ਰੂਰੀ ਹੈ। ਆਪਣੀ ਲੇਖਣੀ ਰਾਹੀਂ ਭਾਈ ਸਾਹਿਬ ਨੇ ਨਾ ਕੇਵਲ ਪੰਜਾਬੀ ਜ਼ੁਬਾਨ ਨੂੰ ਇਕ ਮਾਣਯੋਗ ਸਥਾਨ ਦਿੱਤਾ ਸਗੋਂ ਸਿਖ ਇਤਿਹਾਸ ਤੇ ਸਿਖ ਰਵਾਇਤਾਂ ਨੂੰ ਵੀ ਸੁਰਜੀਤ ਕੀਤਾ। ਭਾਈ ਸਾਹਿਬ ਨੇ ਬਹੁਤ ਸਾਰੀਆਂ ਸਿੱਖ ਇਤਿਹਾਸਕ ਜੀਵਨੀਆਂ ਨੂੰ ਵੀ ਆਪਣੇ ਲੇਖਣ ਦਾ ਵਿਸ਼ਾ ਬਣਾਇਆ। ਇਨ੍ਹਾਂ ਇਤਿਹਾਸਕ ਪਾਤਰਾਂ ਦੇ ਆਦਰਸ਼ਾਂ ਨੂੰ ਮੁਖ ਰਖਦਿਆਂ ਹੋਇਆਂ ਭਾਈ ਸਾਹਿਬ ਨੇ ‘ਬਿਜੈ ਸਿੰਘ’, ‘ਸੁੰਦਰੀ’, ‘ਸਤਵੰਤ ਕੌਰ’ ਤੇ ‘ਬਾਬਾ ਨੌਧ ਸਿੰਘ’ ਆਦਿ ਜੀਵਨੀਆਂ ਦੀ ਰਚਨਾ ਕੀਤੀ। ‘ਬਿਜੈ ਸਿੰਘ’ ਜਿਥੇ ਇਕ ਪਾਸੇ ਵਧੀਆ ਕਦਰਾਂ-ਕੀਮਤਾਂ ਦਾ ਨਮੂਨਾ ਹੈ, ਉਥੇ ਦੂਜੇ ਪਾਸੇ ਸਿੱਖ ਆਦਰਸ਼ਾਂ ਦਾ ਜਿਊਂਦਾ ਜਾਗਦਾ ਸਬੂਤ ਹੈ। ਸਿਖ ਕਦਰਾਂ ਕੀਮਤਾਂ ਸਨਮੁਖ ‘ਬਿਜੈ ਸਿੰਘ’ ਗੁਰੂ ਸਾਹਿਬਾਂ ਦੇ ਦਿਖਾਏ ਹੋਏ ਮਾਰਗ ਤੇ ਚਲਦੇ ਹੋਏ ਵੀਰਗਤੀ ਨੂੰ ਪ੍ਰਾਪਤ ਹੋਇਆ। ਭਾਈ ਸਾਹਿਬ ਦੀਆਂ ਬਹੁਤ ਸਾਰੀਆਂ ਰਚਨਾਵਾਂ ਅਸੀਂ ਕਈ ਐਡੀਸ਼ਨਾਂ ਵਿਚ ਛਾਪ ਚੁੱਕੇ ਹਾਂ। ਪਾਠਕਾਂ ਦੀ ਮੰਗ ਤੇ ‘ਬਿਜੈ ਸਿੰਘ’ ਦੀ ਨਵੀਂ ਐਡੀਸ਼ਨ ਛਾਪਣ ਦੀ ਖੁਸ਼ੀ ਲੈ ਰਹੇ ਹਾਂ।

ਡਾ: ਜਸਵੰਤ ਸਿੰਘ ਨੇਕੀ

ਸਤੰਬਰ, 2000

ਆਨਰੇਰੀ ਜਨਰਲ ਸਕੱਤਰ

ਨਵੀਂ ਦਿੱਲੀ

ਭਾਈ ਵੀਰ ਸਿੰਘ ਸਾਹਿਤ ਸਦਨ

Page 3

www.sikhbookclub.com