ਪੰਨਾ:ਬਿਜੈ ਸਿੰਘ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਵਾਜ਼ਾਂ ਮਾਰੀਆਂ ਤਾਂ ਲਾਲਾ ਜੀ ਨੇ ਅਵਾਜ਼ ਦਿੱਤੀ ਅਰ ਬੂਹਾ ਖੋਲ੍ਹ ਕੇ ਅੱਖਾਂ ਮਲਦੇ ਮਲਦੇ ਅੱਧੀ ਧੋਤੀ ਤੇੜ ਤੇ ਅੱਧੀ ਸਿਰ ਪੁਰ ਕੀਤੇ ਬਾਹਰ ਨਿਕਲੇ। ਸਿਪਾਹੀਆਂ ਨੂੰ ਦੇਖਕੇ ਅਚਰਜਤਾ ਵਿਚ ਪੁੱਛਣ ਲੱਗੇ ਕਿ ਕੀ ਹੋਯਾ? ਇਕ ਸਿਪਾਹੀ ਨੇ ਕਹਿ ਸੁਣਾਇਆ ਕਿ ਆਪ ਦੇ ਘਰ ਬਹੁਤ ਸਾਰੇ ਸਿੱਖਾਂ ਦੇ ਲੁਕਣੇ ਦੀ ਸੂੰਹ ਪਾ ਕੇ ਇਹ ਲਯ ਗਾਰ* ਆਈ ਹੈ ਸੌ ਚਲੋ ਬਾਹਰਲੇ ਵਿਹੜੇ ਵਿਚ ਕੁਤਵਾਲ ਸਾਹਿਬ ਬੈਠੇ ਯਾਦ ਕਰਦੇ ਹਨ।

ਲੀਲਾ-ਝੂਠ, ਝੂਠ, ਝੂਠ, ਮੈਂ ਤੇ ਮੇਰੇ ਘਰ ਸਿਖ ਹੈਨ! ਪਰ ਹੱਛਾ ਸੱਚ ਨੂੰ ਕਾਹਦਾ ਡਰ ਹੈ! ਮੈਂ ਕਪੜੇ ਪਾ ਲਵਾਂ।

ਸਿਪਾਹੀਂ-ਨਹੀਂ ਇਸੇ ਤਰ੍ਹਾਂ ਹੀ ਹੁਕਮ ਹੈ ਚਲਣੇ ਦਾ।

ਲੀਲਾ-ਬਹੁਤ ਭਲਾ। ਅਰ ਚੁੱਪ ਕਰ ਕੇ ਉਸ ਦੇ ਨਾਲ ਹੋ ਟੁਰੇ। ਵਿਹੜੇ ਵਿਚ ਪਹੁੰਚੇ ਤੇ ਕੁਤਵਾਲ ਸਾਹਿਬ ਨੂੰ ਸਲਾਮ ਕਰਕੇ ਅਦਬ ਨਾਲ ਜਾ ਖੜੇ ਹੋਏ ਅਰ ਚਾਰ ਚੁਫੇਰੇ ਦੱਬੀ ਨਜ਼ਰ ਕਰਕੇ ਤਾੜ ਗਏ ਕਿ ਮੇਰੇ ਘਰ ਦੇ ਹਰ ਛਜੇ, ਹਰ ਅਟਾਰੀ, ਹਰ ਬੂਹੇ ਅੱਗੇ ਪਹਿਰਾ ਲਗ ਗਿਆ ਹੈ, ਕੁਤਵਾਲ ਸਾਹਿਬ ਭੀ ਪਛਾਣੇ, ਜੋ ਲੀਲਾ ਰਾਮ ਦੇ ਪਰਮ ਮਿੱਤ੍ਰ ਸਨ, ਪਰ ਐਸ ਵੇਲੇ ਢਾਹ ਲਾਉਣ ਵਾਲੇ ਦਰਯਾ ਦੀ ਤਰ੍ਹਾਂ ਐਉਂ ਕਰੜੇ ਤੀਉੜ ਅਤੇ ਵੱਟ ਮੱਥੇ ਤੇ ਪਾਏ ਹੋਏ ਸਨ ਕਿ ਮਾਨੋਂ ਸਾਰੀ ਹਵੇਲੀ ਨੂੰ ਨਿਗਲ ਜਾਣਗੇ।

ਕੁਤਵਾਲ-ਆਪ ਮੇਰੇ ਮਿੱਤਰ ਹੋ ਪਰ ਰਾਜਸੀ ਮਾਮਲੇ ਬੜੇ ਬੁਰੇ ਹਨ, ਹੁਣ ਮੈਂ ਸਖਤੀ ਕਰਨ ਲਈ ਪਰ-ਵੱਸ ਹਾਂ, ਆਪ ਝਬਦੇ ਸਿਖਾਂ ਨੂੰ ਫੜਾ ਦਿਓ।

ਲੀਲਾ-ਆਪ ਪਾਤਸ਼ਾਹ ਮੈਂ ਪਰਜਾ ਹਾਂ ਅਰ ਮੇਰਾ ਘਰ ਆਪ ਦੇ ਹਾਜ਼ਰ ਹੈ,ਪੱਤਾ ਪੱਤਾ ਢੂੰਡ ਲਵੋ, ਜੋ ਥਾਂ ਜੋ ਜਗ੍ਹਾ ਆਖੋ ਵਿਖਾ ਦੇਂਦਾ ਹਾਂ, ਜਿੱਥੇ ਸਿਖ ਮਿਲੇ,ਫੜ ਲਵੋ,ਜੇ ਮੇਰੀ ਹਵੇਲੀ ਵਿਚੋਂ ਇਕ ਵੀ ਸਿੱਖਨਿਕਲ ਪਵੇ ਤਦ ਮੇਰੇ ਨਾਲ ਜੋ ਚਾਹੋ ਕਰੋ, ਮੈਨੂੰ ਉਜ਼ਰ ਨਹੀਂ ਮੈਂ ਤਾਂ ਆਪਦਾ ਦਾਸ ਹਾਂ, ਕਿਸੇ ਗੱਲ ਦਾ ਉਜ਼ਰ ਨਹੀਂ ਕਰ ਸਕਦਾ। ਕਿਸੇ ਦੁਸ਼ਟ


*ਧਾਵਾ।

-੨੬-

Page 32

www.sikhbookclub.com