ਪੰਨਾ:ਬਿਜੈ ਸਿੰਘ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਰੂ ਕਹਿ ਉੱਠਦੀ, ਪਰ ਫੇਰ ਇਸ ਤਰ੍ਹਾਂ ਨਿਢਾਲ ਹੋ ਜਾਂਦੀ ਕਿ ਮਾਨੋਂ ਮਰ ਗਈ ਹੈ। ਭੁਜੰਗੀ ਨੇ ਹੁਣ ਇਕ ਕਟੋਰੇ ਵਿਚ ਪਾਣੀ ਲਿਆ ਕੇ ਪਿਤਾ ਦੇ ਹੱਥ ਦਿੱਤਾ। ਉਨ੍ਹਾਂ ਨੇ ਜਪੁ ਸਾਹਿਬ ਦਾ ਪਹਿਲਾ ਪੌੜਾ ਪੜ੍ਹ ਕਰਦ ਭੇਟ ਕਰ ਸਤਿਨਾਮ ਕਹਿਕੇ ਉਸ ਕੂਚ ਕਰਨ ਵਾਲੀ ਸਹਿਕਦੀ ਲੌਥ ਦੇ ਮੂੰਹ ਵਿਚ ਪਾਇਆ। ਜਿਉਂ ਜਿਉਂ ਪਾਣੀ ਹੇਠ ਉਤਰਿਆ ਹੋਸ਼ ਨੇ ਮੋੜਾ ਖਾਧਾ ਅਰ ਇਕ ਵੇਰੀ ਅੱਖਾਂ ਨੂੰ ਖੋਲ੍ਹ ਕੇ ਐਸੀ ਸ਼ੁਕਰ-ਗੁਜ਼ਾਰੀ ਨਾਲ ਸਿੰਘ ਜੀ ਵੱਲ ਦੇਖਿਆ ਕਿ ਮਾਨੋਂ ਜੀਭ ਨਾਲ ਵਖਿਆਨ ਦਿੱਤਾ ਹੈ। ਦੂਜੀ ਵਾਰੀ ਖ਼ਬਰ ਨਹੀਂ ਕੀ ਹੋਇਆ ਸਿੰਘਾਂ ਵਾਲਾ ਹੌਸਲਾ ਆ ਕੇ ਉਸ ਮਰਦੀ ਸਿੰਘਣੀ ਨੂੰ ਮਾਨੋਂ ਜੀਉਂਦਿਆਂ ਕਰ ਗਿਆ ਅਰ ਡਾਢੀ ਨਿੰਮੀ ਪਰ ਹੋਸ਼ ਵਾਲੀ ਆਵਾਜ਼ ਵਿਚ ਬੋਲੀ:- ‘ਧੰਨ ਗੁਰੂ ਗੋਬਿੰਦ ਸਿੰਘ ਜੋ ਅੰਤ ਵੇਲੇ ਆਪਣੇ ਪਿਆਰੇ ਮੇਰੇ ਵਰਗੇ ਭੁੱਲੇ ਹੋਇਆਂ ਦਾ ਅੰਤ ਸਵਾਰਨ ਲਈ ਘੱਲਦਾ ਹੈ।' ਸ਼ੀਲਾ ਜੋ ਕਲੇਜਾ ਮੁੱਠ ਵਿਚ ਲਈ ਇਸ ਦਰਦਨਾਕ ਸਮੇਂ ਨੂੰ ਦੇਖ ਰਹੀ ਸੀ, ਪੁੱਛਣ ਲੱਗੀ: ਮਾਤਾ! ਇਹ ਕੀ ਹੋਇਆ?'

ਇਸਤ੍ਰੀ-ਬੱਚੀ! ਸਿੰਘ ਜੀ ਤੇ ਮੈਂ ਦਰਿਆਓਂ ਪਾਰ ਉਤਰੇ ਸਾਂ, ਤੁਰਕਾਂ ਆ ਘੇਰਿਆ, ਪਤੀ ਜੀ ਨੇ ਜੁੱਧ ਕੀਤਾ ਪੰਜ ਤੁਰਕ ਮਾਰੇ, ਏਹ ਬਹੁਤ ਸਨ, ਇਨ੍ਹਾਂ ਨੇ ਉਨ੍ਹਾਂ ਨੂੰ ਚੁੱਕ ਨਦੀ ਵਿਚ ਸਿੱਟ ਦਿੱਤਾ, ਮੈਂ ਬੀ ਦੋ ਇਕ ਤੁਰਕ ਮਾਰੇ ਸਨ, ਮੇਰੇ ਪੁਤ੍ਰ ਨੇ ਵੀ ਇਕ ਨੂੰ ਕਾਰੀ ਵਾਰ ਲਾਇਆ ਸੀ। ਇਨ੍ਹਾਂ ਨਿਰਦਈਆਂ ਨੇ ਮੇਰਾ ਗਹਿਣਾ ਲਾਹ ਪੁਤ੍ਰ ਮਾਰ ਸੁੱਟਿਆ ਤੇ ਮੈਨੂੰ ਘਾਉ ਖਾਧੀ ਨੂੰ ਇਥੇ ਸਿੱਟ ਗਏ। ਘੜੀ ਦਿਨ ਰਹਿੰਦੇ ਤੋਂ ਜਿੰਦ ਤੋੜ ਰਹੀ ਹਾਂ, ਨਾ ਮਰਦੀ ਹਾਂ, ਨਾ ਜੀਉਂਦੀ ਹਾਂ-ਕਦੇ ਬੇਹੋਸ਼ ਹੋ ਜਾਂਦੀ ਹਾਂ ਕਦੇ ਹੋਸ਼ ਪਰਤਦੀ ਹੈ, ਪਰ ਗੁਰੂ, ਧੰਨ ਗੁਰੂ! ਗੁਰੂ ਅੰਗ ਸੰਗ ਹੈ ਵਾਹਿਗੁਰੂ ਬੜਾ ਦਿਆਲ ਹੈ। ਮੈਂ ਤ੍ਰਿਖਾ ਨਾਲ ਭੱਜ ਗਈ ਸਾਂ, ਉਸ ਨੇ ਤੁਹਾਨੂੰ ਘੱਲਿਆ। ਬੱਚਿਓ! ਮੈਂ ਚਲੀ, ਔਹ ਸੱਦਾ ਆਇਆ, ਔਹ ਕੂਚ ਦੀ ਤੁਰੀ ਵੱਜੀ, ਔਹ ਪ੍ਰਕਾਸ਼, ਸੱਚਾ ਪ੍ਰਕਾਸ਼ ਦਿੱਸਦਾ ਹੈ। ਬੱਚਿਓ! ਮਰ ਜਾਈਓ; ਪਰ ਧਰਮ ਨਾ ਹਾਰਿਓ, ਨਾ ਹਾਰਿਓ, ਧੰਨ ਗੁਰੂ! ਧੰਨ ਗੁਰੂ!!

-੩੩-

Page 39

www.sikhbookclub.com