ਪੰਨਾ:ਬਿਜੈ ਸਿੰਘ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਾ ਕੇ ਡਿੱਗ ਪਈ ਸੀ। ਘਾਉ ਲੱਗਾ ਤਾਂ ਪੇਟ ਵਿਚ ਸੀ, ਪਰ ਉਹ ਕਾਰੀ ਨਹੀਂ ਸੀ। ਚੂਹੜ ਮਲ ਵਹੁਟੀ ਤੇ ਗੁਸੇ ਤਾਂ ਬਹੁਤ ਸੀ; ਪਰ ਉਸ ਦੀ ਅਕਲ ਦੇ ਕਾਰਨ ਉਹ ਇਕ ਤਰ੍ਹਾਂ ਉਸ ਦੇ ਹੇਠ ਵਗਦਾ ਸੀ, ਉਂਞ ਕਈ ਭਬਕਾਂ ਬੜ੍ਹਕਾਂ ਭਾਵੇਂ ਮਾਰ ਲੈਂਦਾ ਸੀ ਤੇ ਉਸ ਨੂੰ ਗੁੱਸੇ ਵੀ ਹੋ ਲੈਂਦਾ ਸੀ ਪਰ ਇਹ ਤ੍ਰੀਮਤ ਐਸੀ ਦਾਨੀ ਸੀ ਕਿ ਰਾਜਸੀ ਮਾਮਲਿਆਂ ਵਿਚ ਬੀ ਪਤੀ ਨੂੰ ਕਈ ਵੇਰ ਸਿਖ੍ਯਾ ਦਿੰਦੀ ਹੁੰਦੀ ਸੀ ਅਰ ਇਸ ਦੀ ਵਡਿਆਈ ਬਨਾਉਣ ਦਾ ਕਾਰਨ ਹੁੰਦੀ, ਇਸ ਕਰ ਕੇ ਘਰ ਵਿਚ ਬੜੀ ਲੋੜੀਦੀਂ ਦਾਨੀ ਤ੍ਰੀਮਤ ਸਮਝੀ ਜਾਂਦੀ ਸੀ। ਇਸ ਦੇ ਘਾਇਲ ਹੋਣ ਪਰ ਬੜੇ ਹਕੀਮ ਸੱਦੇ ਗਏ, ਮਹੀਨੇ ਕੁ ਵਿਚ ਜ਼ਖ਼ਮ ਠੀਕ ਹੋ ਕੇ ਰਾਜ਼ੀ ਹੋ ਗਏ, ਪਰ ਪਿਆਰੇ ਪੁਤ੍ਰ ਦਾ ਵਿਛੋੜਾ ਮਾਂ ਨੂੰ ਇਕ ਨਿੱਤ ਦਾ ਸੱਲ ਦੇ ਗਿਆ, ਮਾਨੋਂ ਇਸ ਦੇ ਦਿਲ ਵਿਚ ਸਦਾ ਬਲਣੇ ਵਾਲੀ ਚਿਖ਼ਾ ਬਾਲ ਗਿਆ। ਮਾਈ ਘਰ ਦੇ ਕੰਮ ਕਾਜ ਕਰਦੀ, ਪਰ ਪੁਤ੍ਰ ਨੂੰ ਯਾਦ ਕਰਕੇ ਹਾਉਕੇ ਲੈਂਦੀ ਰਹਿੰਦੀ। ਉਸਦੇ ਪਾਠ ਕਰਨੇ ਦੀ ਵੈਰਾਗ-ਮਈ ਧਾਰਨਾ ਉਸ ਦੇ ਕੰਨਾਂ ਵਿਚ ਹਰ ਵੇਲੇ ਗੂੰਜਦੀ ਜਾਪਦੀ। ਗੁਆਂਢ ਵਿਚ ਇਕ ਬਾਲਕ ਜਪੁਜੀ ਦਾ ਪਾਠ ਠੀਕ ਬਿਜੈ ਸਿੰਘ ਵਾਂਙੂ ਕਰਦਾ ਹੁੰਦਾ ਸਾਂ, ਉਸ ਦੀ ਆਵਾਜ਼ ਐਸੀ ਪਿਆਰੀ ਲੱਗੀ ਕਿ ਇਸ ਨੇ ਚੋਰੀ ਚੋਰੀ ਲਿਖਤ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਾਰੀ ਨੂੰ ਚੋਖੀ ਮਾਯਾ ਭੇਟਾ ਦੇ ਕੇ ਆਪਣੇ ਘਰ ਲੁਕਵੇਂ ਥਾਂ ਸਥਾਪਨ ਕੀਤਾ ਅਰ ਉਸ ਬਾਲਕ ਦੀ ਪਾਲਣਾ ਆਪਣੇ ਜ਼ਿੰਮੇ ਲੈ ਕੇ ਉਸ ਤੋਂ ਪਾਠ ਸੁਣਨੇ ਦਾ ਨੇਮ ਕਰ ਲਿਆ। ਇਸ ਪ੍ਰਕਾਰ ਰੋਜ਼ ਦੇ ਪਾਠ ਸੁਣਨ ਨੇ ਇਸ ਦੇ ਮਨ ਨੂੰ ਸੰਸਾਰਕ ਬੁੱਧੀ ਤੋਂ ਪ੍ਰੇਰਕੇ ਧਾਰਮਕ ਚੱਕਰ ਫੇਰਿਆ, ਅਰ ਬਿਜੈ ਸਿੰਘ ਅਗੇ ਤੋਂ ਬੀ ਵਧੀਕ ਪਿਆਰਾ ਲੱਗਣ ਲੱਗਾ, ਅਰ ਉਸਦੇ ਕੇਸ ਰੱਖਣੇ, ਜਿਨ੍ਹਾਂ ਨੂੰ ਪਹਿਲੇ ਇਸ ਨੇ ਮੂਰਖਤਾ ਜਾਤਾ ਸੀ, ਹੁਣ ਚੰਗੇ ਲੱਗਣ ਲੱਗ ਪਏ। ਆਪਣੇ ਮਨ ਦੀ ਸਫਾਈ ਨੇ ਰੰਗ ਦਿਖਾਇਆ। ਹੁਣ ਦਿਨ ਰਾਤ ਇਹ ਸੋਚਾਂ ਰਹਿਣ ਲੱਗੀਆਂ ਕਿ ਕਿਵੇਂ ਪੁੱਤਰ ਦੀ ਖ਼ਬਰ ਮਿਲੇ? ਬਹੁਤ ਸੋਚ ਫਿਕਰ ਦੇ ਮਗਰੋਂ ਘਰ ਦਾ ਪਰੋਹਤ ਹੀ ਇਸ ਨੂੰ ਯੋਗ ਪੁਰਖ

-੩੫-

Page 41

www.sikhbookclub.com