ਪੰਨਾ:ਬਿਜੈ ਸਿੰਘ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਕਲ ਵਿਚ ਤਾਂ ਦਿੱਸਦੀ ਹੈ, ਪਰ ਮੁੱਲ ਕੁਝ ਨਹੀਂ ਪਾਉਂਦੀ। ਹਾਂ, ਜੇਕਰ ਕਲਗੀਧਰ ਜੀ ਦੀ ਕ੍ਰਿਪਾ ਰੂਪ ਏਕਾ ‘੧’ ਉਸ ਨਾਲ ਮਿਲ ਜਾਵੇ ਤਾਂ ‘O’ ਬੀ ਦੂਸਰੇ ਅੰਗਾਂ ਨਾਲ ਮਿਲ ਕੇ ਕੀਮਤ ਵਾਲੀ ਹੋ ਜਾਂਦੀ ਹੈ।

ਇਸ ਪੁਸਤਕ ਦੇ ਲਿਖਣ ਵਿਚ ਇਸ ਸੰਸਾਰ ਤੋਂ ਕੂਚ ਕਰ ਗਏ ਬਜ਼ੁਰਗਾਂ ਤੋਂ ਸੁਣੇ ਸਮਾਚਾਰ, ਦੋਵੇਂ ਪੰਥ ਪ੍ਰਕਾਸ਼, ਖ਼ਾਲਸਾ ਤਵਾਰੀਖ, ਪ੍ਰਿੰਸਪ, ਕਨਿੰਘਮ, ਮੁਹੰਮਦ ਲਤੀਫ਼, ਮੈਲਕਮ, ਮੈਗਰੇਗਰ ਅਰ ਹੋਰਨਾਂ ਦੇ ਪੁਸਤਕਾਂ ਤੋਂ ਸਹਾਇਤਾ ਲਈ ਹੈ, ਜਿਨ੍ਹਾਂ ਦਾ ਦਿਲੀ ਧੰਨਵਾਦ ਹੈ। ਕਈ ਸਮਾਚਾਰ ਸ਼੍ਰੋਤਾਂ, ਕਈ ਗੀਤਾਂ ਤੋਂ ਲਏ ਹਨ ਅਰ ਅਨਮਿਲਦੀ ਥਾਂਈਂ ਸੰਗਲੀਆਂ ਆਪ ਮੇਲੀਆਂ ਹਨ। ਹੋਰ ਸੋਮੇ ਇਤਿਹਾਸ ਦੇ ਖੋਜਣ ਦਾ ਸਮਾਂ ਨਹੀਂ ਪੰਥਕ ਲੋੜ ਡਾਢੀ ਤੇ ਕਾਹਲੀ ਦੀ ਹੈ, ਇਸ ਕਰਕੇ ਇਤਿਹਾਸ ਤੇ ਰਵਾਇਤਾਂ ਆਦਿਕ ਦੇ ਮੇਲ ਤੋਂ ਇਹ ਸਾਜਨਾ ਸਾਜੀ ਗਈ ਹੈ, ਕਿਤੇ ਕਿਤੇ ਕਾਵ੍ਯ ਦੇ ਅਲੰਕਾਰ ਇਸ ਕਰਕੇ ਦਿਖਾਏ ਹਨ ਕਿ ਬਹੁਤ ਲੋਕ ਪੰਜਾਬੀ ਨੂੰ ਜਟਕੀ ਬੋਲੀ ਕਹਿਕੇ ਉਲ੍ਹਾਮਾ ਦੇਂਦੇ ਹਨ ਕਿ ਰਚਨਾਂ ਦੇ ਭੂਸ਼ਨ ਇਸ ਬੋਲੀ ਵਿਚ ਨਹੀਂ ਪਹਿਰਾਏ ਜਾ ਸਕਦੇ, ਦੂਸਰੇ ਇਹ ਕਿ ਪੰਜਾਬੀ ਦੀ ਤਰੱਕੀ ਬੀ ਦੇਸ਼ ਤੇ ਪੰਥ ਦੀ ਤਰੱਕੀ ਦਾ ਇਕ ਅੰਗ ਹੈ।

ਪੰਥ ਦੀ ਮੌਜੂਦਾ ਹਾਲਤ ਪਿਛਲਿਆਂ ਕਾਰਨਾਮਿਆਂ ਨੂੰ ਭੁਲਾ ਕੇ ਵਿਗਾੜ ਵੱਲ ਦੌੜਨ ਦੀ ਦਿੱਸਦੀ ਹੈ, ਇਸ ਪੁਸਤਕ ਵਿਚ ਇਹੋ ਜ਼ੋਰ ਦਿੱਤਾ ਹੈ ਅਰ ਲਿਖਣੇ ਦਾ ਪ੍ਰਯੋਜਨ ਭੀ ਕੇਵਲ ਇਤਨਾ ਹੈ ਕਿ ਕਿਸੇ ਤਰ੍ਹਾਂ ਭਰਾਵਾਂ ਨੂੰ ਆਪਣੇ ਪੈਰਾਂ ਤੇ ਸੰਭਲਣ ਦਾ ਵੱਲ ਆ ਜਾਵੇ, ਉਹ ਉੱਚਾ ਆਦਰਸ਼ ਇਨਸਾਨੀਅਤ ਦਾ, ਉਹ ਨਮੂਨੇ ਦਾ ਬੰਦਾ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਜਗਤ ਵਿਚ ਰਚ ਕੇ ਦੱਸਿਆ, ਉਹ ਆਪਣੇ ਸੁੱਚੇ ਤੇ ਪਵਿੱਤ੍ਰ ਅਸਲੀ ਰੂਪ ਵਿਚ ਕਾਇਮ ਰਹਵੇ। ਖ਼ਾਲਸਾ ਇਕ ਮੁਕਤ ਪੁਰਖ ਹਰੀਜਨ ਹੈ, ਆਪ ਅੰਦਰੋਂ ਬਾਹਰੋਂ ਸੁਖੀ ਹੈ ਤੇ ਸਰਬੱਤ ਲਈ ਸੁਖਦਾਈ ਹੈ। ਅਭੈ ਹੈ, ਅਜਿੱਤ

-ਸ-

Page 5

www.sikhbookclub.com