ਪੰਨਾ:ਬਿਜੈ ਸਿੰਘ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਗੱਲ ਸਮਝ ਕੇ ਕਿ ਆਪ ਭੁੱਖੇ ਹਨ ਤੇ ਭੋਜਨ ਦੀ ਲੋੜ ਹੈ, ਬੀਬੀ ਨੇ, ਜੋ ਹਾਜ਼ਰ ਸੀ, ਅਗੇ ਲਿਆ ਧਰਿਆ। ਤ੍ਰੈ ਸੰਤੋਖੀ ਜੀਆਂ ਦਾ ਭੋਜਨ ਪੰਡਤ ਜੀ ਛਕ ਕੇ ਝੱਟ ਲੰਘਾਉਣ ਜੋਗੇ ਹੋ ਗਏ, ਪੂਰੇ ਤ੍ਰਿਪਤ ਨਹੀਂ ਹੋਏ। ਕੁੱਲੀ ਵਿਚ ਆਟਾ ਮੁਕ ਚੁਕਾ ਹੋਇਆ ਸੀ, ਲੌਢੇ ਵੇਲੇ ਹੋਰ ਆਟਾ ਬਿਜੈ ਸਿੰਘ ਨੇ ਆਂਦਾ ਸੀ, ਪਰ ਰਸਤੇ ਵਿਚ ਕਿਸੇ ਭੁਖਾਤੁਰ ਪੁਰਖ ਨੂੰ ਦੇ ਆਇਆ ਸੀ, ਭਈ ਮੈਂ ਸਵੇਰੇ ਹੋਰ ਲੈ ਆਵਾਂਗਾ ਤੇ ਰਾਤ ਦੇ ਨਿਰਬਾਹ ਜੋਗਾ ਘਰ ਵਿਚ ਹੈ ਹੀ। ਪਰ ਪਤਾ ਨਹੀਂ ਸੀ ਕਿ ਘਰ ਪ੍ਰਾਹੁਣਾ ਪੈਣਾ ਹੈ, ਜਿਸ ਨੇ ਸਾਰਾ ਖਾ ਕੇ ਬੀ ਰਜਣਾ ਨਹੀਂ। ਜਦੋਂ ਪੰਡਤ ਜੀ ਛਕ ਛਕਾ ਕੇ ਤਾਕਤ ਵਿਚ ਆਏ ਤਾਂ ਹੁਣ ਆਪਣੀ ਵਿਥਯਾ ਸੁਨਾਉਣ ਲਗੇ ਕਿ ਮੈਨੂੰ ਆਪ ਦੀ ਮਾਂ ਨੇ ਧਨ ਦੇ ਕੇ ਆਪ ਦੀ ਭਾਲ ਵਿਚ ਤੋਰਿਆ ਸੀ ਕਿ ਜਿਥੇ ਹੋ ਸਕੇ ਤੁਹਾਨੂੰ ਮਿਲਕੇ ਪਦਾਰਥ ਪੁਚਾਵਾਂ। ਤੁਹਾਡੀ ਮਾਂ ਦੀ ਮਰਜ਼ੀ ਹੈ ਕਿ ਕਿਸੇ ਪਹਾੜ ਵਿਚ ਜਾ ਰਹੋ। ਅਜ ਕਲ੍ਹ ਮਾਖੋਵਾਲ ਦੇ ਪਹਾੜੀਂ ਜਾਣਾ ਚੰਗਾ ਹੈ। ਜਦੋਂ ਠਹਿਰ ਨਰ੍ਹੱਮਾ ਹੋਵੇਗਾ ਅਰ ਇਹ ਪਰਲੋ ਮੀਰ ਮੰਨੂੰ ਦੇ ਗੁੱਸੇ ਦੀ ਲੰਘ ਗਈ ਹੋਵੇਗੀ ਤਦੋਂ ਤੁਹਾਨੂੰ ਪਾਸ ਬੁਲਾ ਲਵੇਗੀ।

ਬਿਜੈ ਸਿੰਘ-ਪੰਡਤ ਜੀ! ਆਪ ਨੇ ਮੈਨੂੰ ਲੱਭਾ ਕਿੱਕੁਰ?

ਪੰਡਤ-ਵੱਡਾ ਔਖਾ,ਕਈ ਸੂਹੀਏਂ ਛਡੇ,ਕਈਆਂ ਨੂੰ ਸੁੰਧਕਾਂ ਕੱਢਣ ਤੇ ਨੌਕਰ ਰਖਿਆ, ਕਿਸੇ ਡਾਢੇ ਸਿਆਣੇ ਨੇ ਸਿਖੀ ਭੇਖ ਧਾਰ ਕੇ ਸਿਖਾਂ ਵਿਚੋਂ ਸੂੰਹ ਕਢੀ ਕਿ ਤੁਸੀਂ ਏਸ ਬਨ ਵਿਚ ਹੋ। ਜਿਥੇ ਮੈਂ ਕਈ ਚਿਰਾਂ ਤੋਂ ਆਇਆ ਤੁਹਾਨੂੰ ਲੱਭ ਰਿਹਾ ਸੀ। ਅਜ ਅਚਾਨਕ ਆਪ ਟੋਕਰੀਆਂ ਵੇਚਦੇ ਮਿਲ ਗਏ। ਚਾਹੇ ਤੁਸੀਂ ਚੰਗੜ ਦੇ ਭੇਸ ਵਿਚ ਸੋ, ਪਰ ਮੈਂ ਸਿਆਣ ਲਿਆ ਸੀ ਤੇ ਤੁਹਾਡੇ ਮਗਰ ਆਇਆ ਸੀ। ਤੁਹਾਨੂੰ ਮੈਂ ਕਿੰਨੀਆਂ ਵਾਜਾਂ ਦਿੱਤੀਆਂ ਪਰ ਤੁਸੀਂ ਨਾ ਬੋਲੇ, ਛੇਕੜ ਮੈਂ ਤੁਹਾਡੇ ਮਗਰ ਬਨ ਵਿਚ ਵੜਿਆ, ਜਿਥੇ ਮੈਨੂੰ ਚੋਰਾਂ ਨੇ ਘੇਰ ਲਿਆ ਅਰ ਘਾਇਲ ਕਰਕੇ ਸੁਟ ਦਿੱਤਾ ਤੇ ਸਭ ਕੁਝ ਲੁਟ ਪੁਟ ਕੇ ਲੈ ਗਏ ਅਰ ਤੜਫ਼ਦੇ ਨੂੰ ਸਿੱਟ ਗਏ।

-੪੫-

Page 51

www.sikhbookclub.com