ਅਣਖ਼ ਦਾ ਪੁਤਲਾ
ਓਹ ਧਨੀ ਸੀ, ਪਰ ਧਨ ਨੂੰ ਜਮਾ ਨਹੀਂ ਸੀ ਕਰਦਾ। ਕੋਈ ਦੀ ਸਵਾਲੀ ਓਸ ਦੇ ਬੂਹੇ ਤੋਂ ਖਾਲੀ ਨਹੀਂ ਸੀ ਜਾਂਦਾ । ਨੌਜਵਾਨ ਸੀ, ਪਰ ਡਾਢਾ ਹੀ ਮਿਠ-ਬੋਲਾ ਤੇ ਹਰ ਮਨ ਪਿਆਰਾ । ਦੁਨੀਆ ਵਿਚ ਕੋਈ ਵੀ ਐਸਾ ਆਦਮੀ ਨਹੀਂ ਸੀ, ਜਿਸ ਨੂੰ ਓਸ ਤੇ ਕੋਈ ਗਿਲਾ ਹੋਵੇ । ਪ੍ਰੇਮ ਕਰਦਾ ਸੀ, ਪਰ ਬੇ-ਗਰਜ਼ । ਪ੍ਰੇਮ ਨੂੰ ਰੱਬ ਵਾਂਗ ਅਮਰ ਵਸਤੂ ਸਮਝਦਾ ਸੀ।
ਉਸ ਨੂੰ ਦੁਨੀਆ ਵਿਚ ਸਭ ਨਾਲੋਂ ਪਿਆਰੇ ,ਆਪਣੇ ਮਿੱਤ੍ਰ ਸਨ। ਓਹਨਾਂ ਦੀ ਖੁਸ਼ੀ ਉਹਦੀ ਆਪਣੀ ਖੁਸ਼ੀ ਤੇ ਓਹਨਾਂ ਦਾ ਦੁੱਖ ਉਹਦਾ ਆਪਣਾ ਦੁੱਖ ਹੁੰਦਾ ਸੀ ।
ਧਨ ਨੂੰ ਹਮੇਸ਼ਾ "ਢਲਦਾ ਪਰਛਾਵਾਂ" ਸਮਝਦਾ ਤੇ ਧਨ ਜਮਾ ਕਰਨ ਦੀ ਥਾਂ ਆਪਣੇ ਮਿੱਤ੍ਰਾ ਨੂੰ ਖੁਆ ਪਿਆ ਕੇ ਖੁਸ਼ ਹੁੰਦਾ | ਜੇ ਉਸ ਨੂੰ ਕਦੀ ਧਨ ਦੀ ਲਾਲਸਾ ਹੁੰਦੀ ਵੀ ਸੀ, ਤਾਂ ਏਸ ਲਈ ਕਿ ਹੋਰ ਖੁਲ-ਦਿਲੀ ਨਾਲ ਆਪਣੇ ਮਿੱਤ੍ਰਾ ਦੀ ਸੇਵਾ ਕਰ ਸਕੇ।
ਏਨਾ ਕੁਝ ਕਰਨ ਤੇ ਵੀ ਉਸ ਦੇ ਦਿਲ ਵਿਚ ਇਹ ਖ਼ਿਆਲ ਕਦੀ ਨ ਆਇਆ ਕਿ ਮੈਂ ਆਪਣੇ ਮਿੱਤ੍ਰਾ ਤੇ ਅਹਿਸਾਨ ਕਰ ਰਿਹਾ ਹਾਂ। ਬੇ-ਗ਼ਰਜ਼, ਨਿਰਚਾਹ ਤੇ ਬੇ-ਦਾਗ ਸੀ ਓਸ ਦਾ ਇਹ ਪ੍ਰੇਮ ।
ਜਦ ਕੋਈ ਆਦਮੀ ਓਸ ਨੂੰ ਏਸ ਤਰਾਂ ਕਰਨ ਤੋਂ ਰੋਕਦਾ, ਤਾਂ ਹੱਸ ਕੇ ਆਖਦਾ-"ਤੇਨੂੰ ਧਨ ਦੀ ਅਸਲ ਕਦਰ ਤੇ ਕੀਮਤ ਦਾ ਪਤਾ ਨਹੀਂ ।"
ਅਣਖ਼ ਦਾ ਪੁਤਲਾ
੧੦੫