ਪੰਨਾ:ਬੰਕਿਮ ਬਾਬੂ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹਿੰਦੇ, ਹਰ ਰੋਜ਼ ਪਿਤਾ ਬਾਗ਼ ਚੋਂ ਫੁੱਲ ਤੋੜਕੇ ਮੈਨੂੰ ਲਿਆ ਦੇਂਦਾ ਸੀ, ਤੇ ਮੈਂ ਉਨਾਂ ਦੇ ਹਾਰ ਪਰੋ ਦੇਂਦੀ ਸਾਂ। ਮੇਰਾ ਪਿਤਾ ਏਸ ਘੁੱਗ ਵਸਦੇ ਸ਼ਹਿਰ ਕਲਕੱਤੇ ਵਿਚ ਗਲੀਆਂ ਬਜ਼ਾਰਾਂ ਵਿਚ ਫਿਰ ਫਿਰ ਕੇ ਹਾਰ ਵੇਚਿਆ ਕਰਦਾ ਸੀ, ਮਾਂ ਘਰ ਦਾ ਕੰਮ ਧੰਦਾ ਕਰਦੀ ਸੀ। ਵੇਹਲ ਮਿਲਦਿਆਂ ਹੀ ਮਾਂ ਤੇ ਪਿਉ ਦੋਵੇਂ ਪਰੋਣ ਵਿਚ ਮੇਰੀ ਮਦਦ ਕਰਿਆ ਕਰਦੇ ਸਨ।

ਫੁੱਲਾਂ ਦੀ ਛੋਹ ਡਾਢੀ ਮਿੱਠੀ ਹੁੰਦੀ ਹੈ। ਉਨਾਂ ਦੀ ਵਾਸ਼ਨਾ ਤਾਂ ਨਿਰਾ ਪੁਰਾ ਸੁਰਗ ਹੀ ਹੁੰਦਾ ਹੈ। ਦਿਲ ਇਹੋ ਕਰਦਾ ਸੀ, ਕਿ ਇਨ੍ਹਾਂ ਸੁਰਗ ਦੇ ਕੋਮਲ ਖਿਡੌਣਿਆਂ ਨੂੰ ਸੁੰਘਦੀ ਰਹਾਂ, ਧੁੱਪ ਤੇ ਤੱਤੀ ਵਾ ਤੋਂ ਬਚਾਉਣ ਲਈ ਉਨ੍ਹਾਂ ਨੂੰ ਹਿਰਦੇ ਵਿਚ ਲੁਕਾ ਕੇ ਰੱਖਾਂ, ਪਰ ਆਹ ! ਇਨਾਂ ਦੇ ਕੇਵਲ ਸੁੰਘਣ ਪਿਆਰਨ ਨਾਲ ਹੀ ਤਾਂ ਪੇਟ ਦੀ ਅੱਗ ਨਹੀਂ ਸੀ ਬੁਝ ਸਕਦੀ, ਏਸੇ ਲਈ ਆਪਣੀ ਨਿਰਦਈ ਸੁਈ, ਦੀ ਚੁੰਝ ਨਾਲ ਮੈਨੂੰ ਉਨਾਂ ਦੇ ਸੀਨੇ ਸੱਲਣੇ ਪੈਂਦੇ ਸਨ।

ਮੇਰੇ ਮਾਪੇ ਅਤ ਗਰੀਬ ਸਨ। ਮਿਰਜ਼ਾ ਪੁਰ ਸਟਰੀਟ ਵਿਚ ਇਕ ਸਾਧਾਰਨ ਜੇਹੀ ਟੱਪਰੀ ਵਿਚ ਅਸੀਂ ਤਿੰਨੇ ਜੀ ਰਹਿੰਦੇ ਸਾਂ। ਉਸੇ ਦੀ ਇਕ ਨੁੱਕਰੇ ਫੁੱਲਾਂ ਦੀ ਢੇਰੀ ਲਾ ਕੇ ਮੈਂ ਹਾਰ ਪਰੋਂਦੀ ਹੁੰਦੀ ਸੀ। ਪਿਤਾ ਜਦ ਬਾਹਰ ਚਲਾ ਜਾਂਦਾ ਤਾਂ ਮੈਂ ਇਕ ਗੀਤ ਗਾਇਆ ਕਰਦੀ ਸਾਂ -

"ਮੇਰੇ ਜੀਵਨ ਦੀ ਪ੍ਰਭਾਤ ਵਿਚ ਸਈਓ,

ਸਧਰਾਂ ਦੀਆਂ ਕਲੀਆਂ ਨਾ ਖਿੜੀਆਂ"

ਅੰਨ੍ਹੀ ਹੋਣ ਕਰਕੇ ਮੇਰਾ ਵਿਆਹ ਨਹੀਂ ਸੀ ਹੋਇਆ।