ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/173

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਨ। ਉਸ ਜਿਹਲੋਂ ਨਿਕਲ ਕਮਲਾ ਤੋਂ ਓਹਦੀ ਮਾਂ ਦਾ ਕਿੱਸਾ ਸੁਣ ਲਿਆ ਸੀ। ਏਸ ਘਟਣਾ ਨੇ ਓਸ ਤੇ ਡੂੰਘੇਰਾ ਅਸਰ ਪਾਇਆ। ਉਹ ਹਮੇਸ਼ਾ ਮਗਨ ਹੀ ਰਹਿੰਦਾ ਸੀ। ਰੌਲੇ ਗੌਲੇ ਵਿਚ ਓਹਦਾ ਜੀ ਨਹੀਂ ਸੀ ਲੱਗਦਾ। ਕਮਲਾ ਓਹਦੇ ਤਸੱਵਰਾਂ ਦੀ ਲੜੀ ਬਣੀ ਹੋਈ ਸੀ। ਪਰ ਕੱਲ੍ਹ ਵਾਲੀ ਕੁੜੀ ਨੇ ਉਹਦੀਆਂ ਯਾਦਾਂ ਨੂੰ ਉਤੇਜ ਕਰ ਛੱਡਿਆ । ਉਹ ਸੋਚਦਾ ਸੀ ਕਿ ਇਕ ਓਪਰੀ ਕੁੜੀ ਨੇ ਓਸ ਰਾਹੇ ਜਾਂਦੇ ਨੂੰ ਕਿਉਂ ਕੁਆਇਆ ?

ਦੂਜੇ ਦਿਨ ਕਮਲਾ ਮੋਟਰ ਤੇ ਓਧਰ ਨੂੰ ਵਗ ਨਿਕਲੀ, ਜਿਧਰ ਸੁਰਿੰਦਰ ਗਿਆ ਸੀ। ਉਹ ਲੱਭਦੀ ਲੱਭਦੀ ਸੁਰਿੰਦਰ ਵਾਲੇ ਰੁਖ ਕੋਲ ਚਲੀ ਗਈ । ਮੋਟਰ ਖੜੀ ਕਰ ਕੇ ਹਿਠਾਂਹ ਲੱਥੀ, ਤੇ ਸੁਰਿੰਦਰ ਦੇ ਕਪੜੇ ਚੁਕ ਕੇ ਉਸ ਵਲ ਟੁਰ ਪਈ। ਉਹ ਅਗੋਂ ਉਠ ਕੇ ਕਮਲਾ ਨੂੰ ਤੱਕਣ ਲੱਗਾ ।

“ਉਫ਼ ! ਤੁਸੀਂ ਉਹਨੂੰ ਪਹਿਚਾਣਦੇ ਨਹੀਂ ? ਜਿਦੇ ਰੋਮ ਰੋਮ ਵਿਚ ਤੁਸੀਂ ਵਸਦੇ ਹੋ" ਕਮਲਾ ਨੇ ਤਰਲੇ ਨਾਲ ਕਿਹਾ, “ਇਹ ਤੁਹਾਡੇ ਕਪੜੇ ਹੁਣ ਤੀਕਰ ਸੰਭਾਲੇ ਹੋਏ ਨੇ।”

ਉਹ ਅਗਾਂਹ ਵਧਿਆ। ਪੰਜ ਵਰ੍ਹੇ ਪਹਿਲੋਂ ਦੇ ਕਪੜੇ ਪਛਾਣ ਲਏ । ਉਸ ਦੀਆਂ ਨਜ਼ਰਾਂ ਵਿਚ ਕਮਲਾ ਵੀ ਉਘੜਦੀ ਜਾਂਦੀ ਸੀ। ਦਿਲ ਗ਼ੁਬਾਰ ਬਣ ਕੇ ਉਤਾਂਹ ਚੜ੍ਹ ਰਿਹਾ ਸੀ। ਕਮਲਾ ਓਹਦੇ ਅੱਗੇ ਮਰਮਰੀ ਬਤ ਵਾਂਗੂੰ ਅਹਿੱਲ ਖਲੋਤੀ ਸੀ। ਵਧੀਆ ਕਪੜਿਆਂ ਨੇ, ਅਮੀਰੀ ਦੀ ਨਿਸ਼ਾਨੀ ਮੋਟਰ ਨੇ, ਅਸਲੀਅਤ ਨੂੰ ਛੁਪਾਇਆ ਸੀ, ਪਰ ਦਿਲ ਦੀਆਂ ਡੂੰਘੀਆਂ ਤੱਕਣੀਆਂ ਨੇ ਆਖਰ ਦਿਲ ਦੀ ਪਹਿਚਾਣ ਕੱਢ ਲਈ

“ਕਮਲਾ – ਸਚ ਮੁਚ ਕਮਲਾ" ਉਹ ਕੂਕ ਉਠਿਆ, ਉਹਦੀਆਂ ਬਾਹਾਂ ਅੱਡੀਆਂ ਗਈਆਂ ਤੇ ਦੋਵੇਂ ਦਿਲ ਕੱਠੇ ਧੜਕ ਉਠੇ -

"ਮੇਰੀ ਕਮਲਾ" “ਮੇਰਾ ਸੁਰਿੰਦਰ"

157