ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/37

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਉਹ ਅੱਖਾਂ ਅੱਡ ਕੇ ਛੱਤ ਵਲ ਵੇਂਹਦੀ ਰਹੀ, ਪਰ ਹੰਝੂ ਇਕ ਨਾ ਨਿਕਲਿਆ। ਉਹਦਾ ਅੰਦਰ ਗ਼ਮ ਨਾਲ ਭਰ ਗਿਆ। ਮੁਨ੍ਹੇਰੇ ਜਦੋਂ ਉਹ ਉਠੀ ਤਾਂ ਸਰੀਰ ਉਤੇ ਨੀਲ ਤੇ ਲਾਸਾਂ ਉਭਰੀਆਂ ਹੋਈਆਂ ਸਨ। ਉਹ ਸਾਰਿਆਂ ਦੀ ਅਖ ਬਚਾ ਕੇ ਜਿਉਣੇ ਦੇ ਘਰ ਨੂੰ ਵਗ ਟੁਰੀ। ਓਹਦਾ ਨਕੋ ਨਕ ਭਰਿਆ ਦਿਲ ਆਪਣੇ ਦਰਦੀ ਅਗੇ ਛਲਕਣਾ ਚਾਹੁੰਦਾ ਸੀ। ਜਿਉਣਾ ਸਰਦਲ ਫੜੀ ਦਲ੍ਹੀਜ ਵਿਚ ਖਲੋਤਾ ਸੀ, ਓਹਦੇ ਕੋਲ ਜਾ ਪਹੁੰਚੀ।

"ਕਿਉਂ ਤਾਰੋ- ਇਹ ਕੀ ਬਣਿਆ?" ਜਿਉਣੇ ਨੇ ਹੱਕਾ ਬੱਕਾ ਹੋ ਪੁੱਛਿਆ।

"ਕੁਝ ਨਹੀਂ" ਤਾਰੋ ਨੇ ਬੜੇ ਜਤਨ ਨਾਲ ਹੌਕੇ ਨੂੰ ਠਲ੍ਹ ਕੇ ਆਖਿਆ।

ਪਰ ਸਭ ਕੁਝ ਦਿਸ ਰਿਹਾ ਸੀ। ਅੱਖਾਂ ਸੂਹੇ ਬੇਰ ਵਾਂਗ ਸਨ ਤੇ ਮੀਟੇ ਬੁਲ੍ਹਾਂ ਚੋਂ ਦੁਖਦੀ ਜਿੰਦ ਬਾਹਰ ਨਿਕਲ ਨਿਕਲ ਪੈ ਰਹੀ ਸੀ। ਜਿਉਣੇ ਨੇ ਤਾਰੋ ਦੇ ਮੋਢਿਆਂ ਉਤੇ ਦਿਲਬਰੀ ਦੇ ਹਥ ਰਖੇ, ਪਰ ਤਾਰੋ ਦੇ ਮੋਢੇ ਸੋਟੇ ਦੀਆਂ ਸਟਾਂ ਨਾਲ ਅੰਬੇ ਪਏ ਸਨ ਹਥ ਧਰਨਾ ਸੀ ਕਿ ਭੁਬਾਂ ਨਿਕਲ ਗਈਆਂ, ਪੀੜਾਂ ਦਾ ਰੁਕਿਆ ਦਰਿਆ ਨੈਣਾਂ ਵਿਚੋਂ ਆਬਸ਼ਾਰਾਂ ਬਣ ਕੇ ਡਿਗ ਪਿਆ।

ਸਾਰੀ ਵਾਰਤਾ ਸੁਣ ਕੇ ਜੀਉਣਾ ਚੁਪ ਹੋ ਗਿਆ। ਮਥੇ ਉਤੇ ਕਿਸੇ ਇਰਾਦੇ ਦੀ ਤੀਉੜੀ ਪੱਕੀ ਹੋ ਗਈ, ਅਗੇ ਕਦੇ ਇਕ ਖ਼ਿਆਲ ਉਸ ਦੇ ਦਿਲ ਵਿਚੋਂ ਲੰਘਿਆ ਸੀ, ਪਰ ਔਖਾ ਜਿਹਾ ਜਾਪਣ ਕਰਕੇ ਉਸ ਮਨੋਂ ਕਢ ਛਡਿਆ ਸੀ ਪਰ ਹੁਣ ਉਸ ਫ਼ੈਸਲਾ ਕਰ ਲਿਆ, ਤੇ ਤਾਰੋ ਨੂੰ ਪੋਲਾ ਜਿਹਾ ਆਪਣੇ ਪਾਸੇ ਨਾਲ ਘੁੱਟ ਕੇ ਕਹਿਣ ਲਗਾ:

"ਚੰਗਾ, ਤਾਰੋ, ਤੂੰ ਹੁਣ ਜਾ— ਮੈਂ ਤੈਨੂੰ ਇਸ ਮਾਰ ਦਾ ਬਦਲਾ ਦਿਆਂਗਾ।"

"ਪਰ ਉਹ ਮੈਨੂੰ ਫੇਰ ਮਾਰਨਗੇ।" ਤਾਰੋ ਨੇ ਡਸਕੋਰਾ ਲਿਆ।

੨੧