ਇਹ ਵਰਕਾ ਤਸਦੀਕ ਕੀਤਾ ਗਿਆ ਏ
ਖੇਤਾਂ ਦੀ ਲਾਲੀ ਹਰਿਆਲੀ ਢੋਰ ਉਜਾੜੀ ਜਾਂਦੇ ਨੇ।
ਫ਼ਿਕਰ ਫ਼ਾਕਿਆਂ ਵਾਲੀਆਂ ਫ਼ੌਜਾਂ, ਸਿਰ 'ਤੇ ਚਾੜ੍ਹੀ ਜਾਂਦੇ ਨੇ।
ਵੱਡੀਆਂ ਵੱਡੀਆਂ ਕਾਰਾਂ ਵਾਲੇ ਕਾਬਜ਼ ਹੋ ਗਏ ਸੜਕਾਂ ਤੇ,
ਰਿਕਸ਼ੇ ਵਾਲੇ ਨੂੰ ਕਿਉਂ ਵਰਦੀਧਾਰੀ ਤਾੜੀ ਜਾਂਦੇ ਨੇ।
ਬਹੂਬਲ ਤੇ ਕਾਲੇ ਧਨ ਦਾ ਗੰਢ-ਚਿਤਰਾਵਾ ਕੁਰਸੀ ਨਾਲ,
ਅਪਣੇ ਟਿੱਬਿਆਂ ਉੱਤੇ ਰਲ ਕੇ ਪਾਣੀ ਚਾੜ੍ਹੀ ਜਾਂਦੇ ਨੇ।
ਅਪਣੇ ਦੇਸ਼ ਪੰਜਾਬ 'ਚ ਅੱਜ ਕੱਲ੍ਹ ਲਾਉਣ ਖ਼ਜੂਰਾਂ ਵੇਖ ਲਵੋ,
ਸੋਹਣੇ ਵਰਕੇ ਫੁੱਲਾਂ ਵਾਲੇ, ਮਾਲੀ ਪਾੜੀ ਜਾਂਦੇ ਨੇ।
ਧਰਤੀ ਪੁੱਤਰੋ ਵਿਕ ਨਾ ਜਾਇਉ, ਏਨੀ ਗੱਲ ਨੂੰ ਜਾਣ ਲਵੋ,
ਮਿੱਠਾ ਮਹੁਰਾ ਦੇ ਧਨਵੰਤੇ ਪਿੰਡ ਉਜਾੜੀ ਜਾਂਦੇ ਨੇ।
ਸਾਨੂੰ ਧੱਕੇ ਮਾਰ ਮਾਰ ਕੇ ਨੁੱਕਰੇ ਲਾਉਂਦੇ ਹਰ ਵੇਲੇ,
ਰਾਜ ਘਰਾਣੇ ਪੁੱਤ ਭਤੀਜੇ ਅੰਦਰ ਵਾੜੀ ਜਾਂਦੇ ਨੇ।
ਨੇਰ੍ਹੀ ਵੀ ਮੂੰਹ ਜ਼ੋਰ ਚੜ੍ਹੀ ਹੈ, ਖਿੱਲਰਿਆ ਘਰ ਵੇਖ ਲਵੋ,
ਤਖ਼ਤਾਂ ਵਾਲੇ, ਮਹਿਲਾਂ ਖਾਤਰ, ਕੁੱਲੀਆਂ ਸਾੜੀ ਜਾਂਦੇ ਨੇ।
ਮਨ ਤੰਦੂਰ/ 104