ਸਮੱਗਰੀ 'ਤੇ ਜਾਓ

ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/11

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਜਾਂ ਵੀਰਾਂ ਤੇ ਵੱਡੀ ਭੈਣ ਤੋਂ ਮਿਲੇ ਧਰਵਾਸ ਸਦਕਾ
ਉਹਦੀ ਦੇਹ-ਮਿੱਟੀ 'ਚ ਖ਼ਬਰੇ ਕੇਹੀ ਤਾਸੀਰ ਸਮਾ ਗਈ
ਕਿ ਉਥੇ ਪੋਹਲੀਆਂ ਦੀ ਥਾਵੇਂ
ਸਦਾ ਮਰੂਆ ਹੀ ਖਿੜਦਾ ਹੈ।

ਉਹ ਰਿਸ਼ਤਿਆਂ ਦੀ ਧਰਮੀ ਧਰਾਤਲ 'ਤੇ
ਮੋਹ-ਮਿੱਟੀ 'ਚ ਗੁੰਨਿਆ ਵਜੂਦ ਹੈ
ਉਹਦੀ ਸੋਚ 'ਚ ਸੁਚਿਆਈ
ਅੱਖਾਂ 'ਚ ਲੱਜਾ ਦੀ ਲਿਸ਼ਕ
ਤੇ ਗਰਦਨ 'ਚ ਗ਼ੈਰਤ ਦੀ ਬੁਲੰਦੀ
ਹਿੱਕ 'ਚ ਪੰਜਾਬੀ ਰਹਿਤਲ ਦੀ ਰਸਾਈ
ਦਿਲ 'ਚ ਦਰਦਮੰਦਾਂ ਦਾ ਦਰਦ
ਹੱਥਾਂ 'ਚ ਹੋਰਾਂ ਲਈ ਹਥੌਲੇ ਵਰਗੀ ਰਹਿਮਤ
ਪਰ ਪੈਰਾਂ 'ਚ ਟਿਕਾਅ ਨਹੀਂ ਕਾਹਲ ਹੈ
ਬ੍ਰਹਿਮੰਡ ਦੀਆਂ ਸਗਲ ਧਰਤੀਆਂ ਗਾਹੁਣ ਦੀ।

ਗੱਲਾਂ ਕਰਦਾ ਕਰਦਾ ਉਹ ਕਠੋਰ ਲੱਗੇਗਾ
ਪਰ ਨੇੜੇ ਹੋ ਵਰਤ ਕੇ ਵੇਖੋ
ਤਾਂ ਨਿਰੀ ਮੋਮ ਦੀ ਕੋਮਲ ਮੂਰਤ
ਤੁਸੀਂ ਆਪਣਾ ਗ਼ਮ ਸਾਂਝਾ ਤਾਂ ਕਰੋ
ਭਰੇ ਦਿਲ ਦੀ ਟੀਸ ਬਾਰੇ ਤਾਂ ਦੱਸੋ
ਉਹ ਬਰਫ਼ ਦੀ ਡਲੀ ਵਾਂਗ ਪਿਘਲ ਜਾਏਗਾ
ਤੇ ਤੁਹਾਡੇ ਟਸੂੰ ਟਸੂੰ ਕਰਦੇ ਦਿਲ ਤੋਂ
ਗ਼ਮਾਂ ਦੀ ਪੰਡ ਲਹਿ ਜਾਏਗੀ
ਦੀਨ ਦੁਖੀ ਲਈ ਉਹ ਪਹਿਲੀ ਹਾਕ 'ਤੇ ਹੀ
ਦਾਰੂ ਹੋ ਨਿਬੜਦਾ ਹੈ।

ਮਨ ਤੰਦੂਰ/ 11