ਇਹ ਵਰਕਾ ਤਸਦੀਕ ਕੀਤਾ ਗਿਆ ਏ
ਤੁਰਦੀ ਦੇ ਗੱਲ ਅੱਗੇ, ਖ਼ਤਾਂ ਦਾ ਜੁਆਬ ਲਿਖੋ।
ਦਿਲ 'ਚ ਤਰੰਗਾਂ ਤੇ ਉਮੰਗਾਂ ਦਾ ਹਿਸਾਬ ਲਿਖੋ।
ਫ਼ਰਜ਼ਾਂ ਦੀ ਪੂਰਤੀ ਲਈ ਗ਼ਰਜ਼ਾਂ ਨੂੰ ਛੱਡ ਪਿੱਛੇ,
ਕੰਡਿਆਂ ਨੂੰ ਕੰਡੇ ਤੇ ਗੁਲਾਬ ਨੂੰ ਗੁਲਾਬ ਲਿਖੋ।
ਜੀਹਨੂੰ ਤੁਸੀਂ ਮਿਲੇ ਵੀ ਨਹੀਂ, ਓਸ ਨੂੰ ਵੀ ਮਿਲ ਸਕੋ,
ਘੁਲ ਜਾਵੋ ਸ਼ਬਦਾਂ 'ਚ, ਮਹਿਕਦੀ ਕਿਤਾਬ ਲਿਖੋ।
ਝੁੱਗੀਆਂ 'ਚ ਟੁਣਕੇ ਜੋ, ਦੀਵਿਆਂ ਦੀ ਲੋਏ ਕਿਤੇ,
ਬਾਣੀ ਤੋਂ ਵਿਛੋੜੀ ਏਸ ਤਾਨ ਨੂੰ ਰਬਾਬ ਲਿਖੋ।
ਹੱਦਾਂ ਸਰਹੱਦਾਂ, ਰਾਵੀ ਪਾਰ ਜਾਂ ਉਰਾਰ ਕਿਤੇ,
ਦੁੱਲਿਆਂ ਤੇ ਬੁੱਲ੍ਹਿਆਂ ਨੂੰ ਨਾਨਕਾਂ ਦਾ ਖ਼੍ਵਾਬ ਲਿਖੋ।
ਪਾਉਣ ਜੋ ਘਚੋਲਾ ਸਾਡੇ ਸੁੱਚਿਆਂ ਸਰੋਵਰਾਂ 'ਚ,
ਭੁੱਲ ਕੇ ਵੀ ਇਹੋ ਜਿਹੇ ਬੋਲ ਨਾ ਜਨਾਬ ਲਿਖੋ।
ਘਿਰਿਆ ਮੁਸੀਬਤਾਂ 'ਚ ਦਿਸੇ ਜੇ ਉਦਾਸ ਕੋਈ,
ਨਾਮ ਪਤਾ ਓਸ ਦਾ ਨਿਸ਼ੰਗ ਹੋ ਪੰਜਾਬ ਲਿਖੋ।
ਮਨ ਤੰਦੂਰ/ 113