ਸਮੱਗਰੀ 'ਤੇ ਜਾਓ

ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/117

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਵੇਖ ਕਿਵੇਂ ਤੂੰ ਸੂਰਜ ਚੜ੍ਹਦਾ, ਚੜ੍ਹਦਾ ਬਾਰ ਮ ਬਾਰ,
ਤੂੰ ਕਿਉਂ ਢੇਰੀ ਢਾਹ ਕੇ ਬੈਠਾ, ਨ੍ਹੇਰ ਦੀ ਬੁੱਕਲ ਮਾਰ।

ਕਣੀਆਂ ਵਿਚ ਨਹਾਉਂਦੇ ਵੇਖੀਂ, ਧਰਤੀ ਅੰਬਰ ਦੋਵੇਂ,
ਉੱਡ-ਪੁੱਡ ਜਾਣੈਂ, ਚਿਹਰੇ ਉਤੋਂ ਸਾਰਾ ਗਰਦ ਗੁਬਾਰ।

ਤੂੰ ਤਾਂ 'ਰਿਜ਼ਕ' ਜੰਜ਼ੀਰਾਂ ਵਾਂਗੂੰ ਬੰਨ੍ਹੀ ਫਿਰਦੈਂ ਪੈਰੀਂ,
ਪੰਛੀ ਦੀ ਦਰਵੇਸ਼ੀ ਨੂੰ ਤੂੰ, ਇਸ ਮੌਤੇ ਨਾ ਮਾਰ।

ਈਨ ਮੰਨਾਉਣੀ, ਮੰਨਣੀ ਦੋਵੇਂ, ਇਹ ਵਰਕੇ ਨਹੀਂ ਮੇਰੇ,
ਮੇਰੇ ਦਿਲ ਦੀ ਨਗਰੀ ਅੰਦਰ, ਅਪਣੀ ਹੀ ਸਰਕਾਰ।

ਸੇਵਾ, ਸਿਮਰਨ ਅਤੇ ਸ਼ਹਾਦਤ, ਨਗਰ ਗੁਰਾਂ ਦੇ ਭਾਵੇਂ,
ਅੰਬਰਸਰ ਵਿਚ ਪੁਤਲੀਘਰ ਤੋਂ ਪਹਿਲਾਂ ਚੋਰ-ਬਾਜ਼ਾਰ।

ਖੋਲ੍ਹ ਖਿੜਕੀਆਂ, ਪਿੰਜਰੇ, ਜੰਦਰੇ, ਕਰ ਨਾ ਕਬਜ਼ਾਕਾਰੀ,
ਉੱਡਣ ਦੇ ਤੂੰ ਖੁੱਲ੍ਹੇ ਅੰਬਰੀਂ, ਕੂੰਜਾਂ ਵਾਲੀ ਡਾਰ।

ਪਰ ਹੀਣੇ ਪੰਛੀ ਦੇ ਵਾਂਗੂੰ, ਵਤਨ ਮੇਰੇ ਦੀ ਸੂਰਤ,
ਮਹਿਮਾ-ਗਾਨ ਕਿਵੇਂ ਮੈਂ ਗਾਵਾਂ, ਪਾ ਕੇ ਰੂਹ 'ਤੇ ਭਾਰ।

ਮਨ ਤੰਦੂਰ/ 117