ਸਮੱਗਰੀ 'ਤੇ ਜਾਓ

ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/33

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਆ ਗਏ ਰਲ ਕੇ ਆਰੀਆਂ ਵਾਲੇ।
ਕਿੱਧਰ ਤੁਰ ਗਏ ਯਾਰੀਆਂ ਵਾਲੇ।
ਸੁਣਦੇ ਨਾ ਫਰਿਆਦ ਰਿਸ਼ੀ ਦੀ,
ਰੂਹ ਦੀਆਂ ਬੰਦ ਬਾਰੀਆਂ ਵਾਲੇ।
ਹਾਕਮ ਹੁਕਮ ਹਕੂਮਤ ਅੱਗੇ,
ਜੋ ਵੀ ਅੜੇ ਝੜੇ।
ਬਿਰਖ਼ ਉਦਾਸ ਖੜ੍ਹੇ।

ਵੀਰਾ ਨਾ ਆਵੀਂ ਜਗਰਾਵਾਂ।
ਹੁਣ ਨਹੀਂ ਓਥੇ ਠੰਢੀਆਂ ਛਾਵਾਂ।
ਕੰਕਰੀਟ ਦਾ ਰਾਜ ਭਾਗ ਹੈ,
ਕੌਣ ਸੁਣੇਗਾ ਹਾਉਕੇ ਹਾਵਾਂ।
ਖੰਨਾ, ਖਰੜ, ਅਤੇ ਬਰਨਾਲਾ
ਹੋ ਗਏ ਵੇਖ ਰੜ੍ਹੇ।
ਬਿਰਖ਼ ਉਦਾਸ ਖੜ੍ਹੇ।

ਸਾਡਾ ਪਿੰਡ ਸੀ ਬੋਹੜਾਂ ਵਾਲਾ।
ਸਾਡਾ ਪਿੰਡ ਸੀ ਪਿੱਪਲਾਂ ਵਾਲਾ
ਬੱਸ ਰੁਕਦੀ ਸੀ ਜਦੋਂ ਮੋਰਿੰਡੇ,
ਕਹਿੰਦੇ ਆ ਗਿਆ ਬਾਗਾਂ ਵਾਲਾ।
ਅੰਬ ਨਗਰੀ ਸੀ ਜ਼ਿਲ੍ਹਾ ਅੰਬਾਲਾ
ਲੋਭ ਦੀ ਭੇਟ ਚੜ੍ਹੇ
ਬਿਰਖ ਉਦਾਸ ਖੜ੍ਹੇ।

ਘੁੱਗੀਆਂ ਮੋਰ ਕਬੂਤਰ ਮੋਏ।
ਹੁਣ ਛਾਵਾਂ ਨੂੰ ਕਿਹੜਾ ਰੋਏ।
ਵਣਜ ਵਪਾਰ ਨੇ ਧਰਤੀ ਮੱਲੀ।

ਮਨ ਤੰਦੂਰ/ 33