ਸਮੱਗਰੀ 'ਤੇ ਜਾਓ

ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/35

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਲੋਹੇ ਦਾ ਬੰਦਾ
ਸ਼ਿਕਾਗੋ ਵਾਲੇ ਅਮੋਲਕ ਸਿੰਘ ਜੰਮੂ ਦੇ ਨਾਂ

ਦਰਿਆ ਨੂੰ ਮੈਂ ਲਿਆ ਕਲਾਵੇ
ਸੂਰਜ ਨੂੰ ਗੱਲਵਕੜੀ ਪਾ ਕੇ
ਨੀਮ ਸਲੇਟੀ ਸੁਪਨਿਆਂ ਦੀ ਪੂਣੀ ਕਰਵਾ ਕੇ
ਸਿਰ ਉੱਪਰ ਦਸਤਾਰ ਦੇ ਵਾਂਗੂੰ
ਵੇਖ ਸਜਾ ਕੇ ਘਰ ਮੁੜਿਆ ਹਾਂ।

ਮਨ ਦਾ ਤਨ ਤੇ ਫ਼ਤਿਹ ਹੋਣ ਦਾ
ਅਸਚਰਜ ਸੁਪਨਾ
ਪੂਰਾ ਹੁੰਦਾ ਅੱਖੀਂ ਡਿੱਠਾ

ਸਿਦਕ ਸਬੂਰੀ ਤੋਰ ਨਿਰੰਤਰ।
ਧੁੱਪ ਦੀ ਕਾਤਰ ਵਰਗੇ ਬੱਚੇ।
ਪਰਛਾਵੇਂ ਦੇ ਵਾਂਗ ਹਮੇਸ਼ਾਂ,
ਅੰਗ ਸੰਗ ਰਹਿੰਦੀ ਜੀਵਨ ਸਾਥਣ।
ਸੂਰਜ ਰੰਗੀ ਮਘਦੀ ਆਥਣ।

ਮਨ ਵਿਹੜੇ ਵਿਚ ਮਰੂਆ ਮਹਿਕੇ,
ਬੂਹੇ ਖਿੜੀ ਚੰਬੇਲੀ ਜੀਕਣ।
ਜਗ ਮਗ ਜਗ ਮਗ ਹਿੰਮਤੀ, ਕਣ ਕਣ।
ਯਾਰ ਅਮੋਲਕ, ਤੇਰੇ ਰਾਹੀਂ,
ਹਿੰਮਤ ਨੂੰ ਮੈਂ ਅੱਖੀ ਡਿੱਠਾ
ਕੌਣ ਆਖਦੈ?
ਲੋਹੇ ਦਾ ਬੰਦਾ ਨਹੀਂ ਹੁੰਦਾ।

ਮਨ ਤੰਦੂਰ/ 35