ਸਮੱਗਰੀ 'ਤੇ ਜਾਓ

ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/67

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਚਾਰੇ ਪਾਸੇ ਕਿੱਕਰਾਂ

ਚਾਰੇ ਪਾਸੇ ਕਿੱਕਰਾਂ ਤੇ ਵਿਚ ਵਿਚ ਬੇਰੀਆਂ।
ਸੂਲੀ ਤੋਂ ਵੀ ਸੂਲ ਬਣੇ, ਮਿਹਰਾਂ ਹੋਣ ਤੇਰੀਆਂ।

ਦਿੱਤੇ ਜੋ ਤੂੰ ਦੁੱਖ ਮੈਨੂੰ ਹੱਸ ਕੇ ਸਹਾਰ ਲਾਂ।
ਨਜ਼ਰ ਸਵੱਲੀ ਰੱਖੀਂ ਵਿਗੜੀ ਸੰਵਾਰ ਲਾਂ।
ਦੌਲਤਾਂ ਨਾ ਮੰਗਾਂ, ਇਹ ਤਾਂ ਮਿੱਟੀ ਦੀਆਂ ਢੇਰੀਆਂ।
ਸੂਲੀ ਤੋਂ ਵੀ ਸੂਲ ਬਣੇ ਮਿਹਰਾਂ ਹੋਣ ਤੇਰੀਆਂ।

ਪਿੰਗਲਾ ਪਹਾੜ ਤੇ ਚੜ੍ਹਾਉਂਦਾ ਤੇ ਉਤਾਰਦੈਂ।
ਮਿਹਰਬਾਨ ਦਾਤਿਆ ਕਿਉਂ ਐਸੀ ਮਾਰ ਮਾਰਦੈਂ।
ਏਸ ਨਾਲੋਂ ਘੱਟ ਤਾਂ ਸਜ਼ਾਵਾਂ ਨੇ ਬਥੇਰੀਆਂ।
ਸੂਲੀ ਤੋਂ ਵੀ ਸੂਲ ਬਣੇ ਮਿਹਰਾਂ ਹੋਣ ਤੇਰੀਆਂ।

ਤੇਰਾ ਪ੍ਰਤਾਪ ਜਿਹੜਾ ਅੱਜ ਲਿਖ ਗਾ ਰਿਹਾਂ।
ਲਾਈ ਜ਼ਿੰਮੇਵਾਰੀ ਦਾਤਾ ਵੇਖ ਲੈ ਨਿਭਾ ਰਿਹਾਂ।
ਲੈਂਦੈ ਕਿਉਂ ਪ੍ਰੀਖਿਆ ਨੂੰ ਘੜੀ ਮੁੜੀ ਮੇਰੀਆਂ।
ਸੂਲੀ ਤੋਂ ਵੀ ਸੂਲ ਬਣੇ ਮਿਹਰਾਂ ਹੋਣ ਤੇਰੀਆਂ।

ਭਾਣੇ ਨੂੰ ਸਹਾਰ ਸਕਾਂ ਇਹੀ ਅਰਦਾਸ ਹੈ।
ਦੁੱਖ ਦੇਣ ਵਾਲਿਆਂ, ਦਵਾਈ ਤੇਰੇ ਪਾਸ ਹੈ।
ਆਇਆ ਤੇਰੇ ਦਰ ਤੇ ਤੂੰ, ਦੇ ਦੇ ਹੱਲਾਸ਼ੇਰੀਆਂ।
ਸੂਲੀ ਤੋਂ ਵੀ ਸੂਲ ਬਣੇ ਮਿਹਰਾਂ ਹੋਣ ਤੇਰੀਆਂ।

ਮਨ ਤੰਦੁਰ/ 67