ਇਹ ਵਰਕਾ ਤਸਦੀਕ ਕੀਤਾ ਗਿਆ ਏ
ਹਿੰਮਤ ਕਰੋ, ਜੀਵਨ ਨਿਭੇ ਕਿਰਦਾਰ ਵਾਂਗਰਾਂ।
ਬੈਠੇ ਨਾ ਢਾਹ ਕੇ ਢੇਰੀਆਂ, ਮੁਰਦਾਰ ਵਾਂਗਰਾਂ।
ਹਾਉਕੇ ਤੇ ਪੀੜਾਂ ਮਨ ਦੀਆਂ, ਹੰਝੂ ਵੀ ਨੇਤਰੀਂ,
ਫਿਰਦੇ ਨੇ ਭੇਸ ਬਦਲ ਕੇ, ਦਿਲਦਾਰ ਵਾਂਗਰਾਂ।
ਸੁਪਨੇ, ਆਦਰਸ਼, ਵਲਵਲੇ, ਨਵੀਆਂ ਚੁਣੌਤੀਆਂ,
ਵੱਸਣ ਇਹ ਮੇਰੇ ਨਾਲ ਹੀ ਪਰਿਵਾਰ ਵਾਂਗਰਾਂ।
ਇਸ ਨੂੰ ਤੂੰ ਵਾਚ, ਪੜ੍ਹ ਕਦੇ, ਸਾਹਾਂ 'ਚ ਸਾਂਭ ਲੈ,
ਵੇਦਨ ਨਹੀਂ ਹੁੰਦੀ ਕਦੇ ਵੀ ਅਖ਼ਬਾਰਾਂ ਵਾਂਗਰਾਂ।
ਬਾਬਰ ਦੀ ਨਸਲ ਫ਼ੈਲੀ ਹੈ ਸਾਰੇ ਗਲੋਬ ਤੇ,
ਕਰਦੇ ਨੇ ਜਬਰ ਜ਼ੁਲਮ ਜੋ, ਅਧਿਕਾਰ ਵਾਂਗਰਾਂ।
ਠੋਕਰ ਹਰੇਕ ਕਦਮ 'ਤੇ ਲੱਗਦੀ ਹੈ ਇਸ ਲਈ,
ਨੀਤੀ ਨਾ ਨੀਤ ਸਾਫ਼ ਹੈ, ਸਰਕਾਰ ਵਾਂਗਰਾਂ।
ਏਨਾ ਵੀ ਕੁਰਸੀ ਨਾਲ ਨਾ ਜੁੜ ਕੇ ਰਿਹਾ ਕਰੋ,
ਬੈਠੇ ਹੋ ਅਪਣੇ ਘਰ 'ਚ ਵੀ ਦਰਬਾਰ ਵਾਂਗਰਾਂ।
ਫ਼ਰਜ਼ਾਂ ਨੂੰ ਗ਼ਰਜ਼ਾਂ ਵਾਸਤੇ ਕੁਰਬਾਨ ਨਾ ਕਰੋ,
ਜੀਵਨ ਤੁਰੇਗਾ ਆਪ ਹੀ ਖੁਦਦਾਰ ਵਾਂਗਰਾਂ।
ਸਾਹਾਂ ਦੀ ਪੂੰਜੀ ਖ਼ਰਚੋਗੇ ਦੂਜੇ ਲਈ ਜਦੋਂ,
ਜਾਪੂ ਕਦੇ ਨਾ ਜ਼ਿੰਦਗੀ ਇਹ ਭਾਰ ਵਾਂਗਰਾਂ।
ਮਨ ਤੰਦੁਰ/ 77