ਸਮੱਗਰੀ 'ਤੇ ਜਾਓ

ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/79

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਚੱਲ ਅੰਬਰਾਂ ਨੂੰ ਚੁੰਮੀਏ ਹੁਲਾਰਿਆਂ ਦੇ ਨਾਲ।
ਕੋਈ ਗੱਲਬਾਤ ਤੋਰੀਏ, ਸਿਤਾਰਿਆਂ ਦੇ ਨਾਲ।

ਮੇਰੇ ਅੰਦਰ ਖਮੋਸ਼ੀ, ਬਾਹਰ ਚੁੱਪ ਦੇ ਪਹਾੜ,
ਮੈਨੂੰ ਜੀਣ ਜੋਗਾ ਕਰ ਦੇਹ ਹੁੰਗਾਰਿਆਂ ਦੇ ਨਾਲ।

ਭਾਵੇਂ ਉਮਰਾਂ ਦੀ ਪੌੜੀ ਵਾਲੇ ਡੰਡੇ ਮੁੱਕ ਚੱਲੇ,
ਦਿਲ ਖੇਡੀ ਜਾਵੇ ਅਜੇ ਵੀ ਗੁਬਾਰਿਆਂ ਦੇ ਨਾਲ।

ਇਹ ਜੋ ਰਾਂਗਲੀ ਸੁਰਾਂਗਲੀ ਹੈ, ਫੁੱਲਾਂ ਭਰੀ ਵੇਲ,
ਵੰਡੇ ਖੁਸ਼ਬੂ ਇਹ ਤੇਰੇ ਹੀ ਇਸ਼ਾਰਿਆਂ ਦੇ ਨਾਲ।

ਆ ਜਾ ਇੱਕ ਦੂਜੇ ਵਿਚ ਦੋਵੇਂ ਡੁੱਬ ਜਾਈਏ ਪੂਰੇ,
ਮੈਂ ਤਾਂ ਥੱਕ ਗਿਆਂ ਤੁਰਦਾ ਕਿਨਾਰਿਆਂ ਦੇ ਨਾਲ।

ਤੂੰ ਤਾਂ ਰਾਜ ਗੱਦੀ ਓਹਲੇ ਨਿੱਤ ਲੁਕ ਛਿਪ ਜਾਵੇਂ,
ਖੇਡਾਂ ਲੁਕਣ ਮਚਾਈਆਂ, ਬੇਸਹਾਰਿਆਂ ਦੇ ਨਾਲ।

ਸਾਡੀ ਕੱਖਾਂ ਵਾਲੀ ਕੁੱਲੀ ਤੇ ਹਨ੍ਹੇਰੀ ਜਦੋਂ ਝੁੱਲੀ,
ਸਾਰੇ ਕਹਿਣ ਨੇੜ ਕੀਤਾ ਕਿਉਂ ਚੁਬਾਰਿਆਂ ਦੇ ਨਾਲ।

ਮਨ ਤੰਦੂਰ/ 79