ਇਹ ਵਰਕਾ ਤਸਦੀਕ ਕੀਤਾ ਗਿਆ ਏ
ਜ਼ਿੰਦਗੀ ਦਾ ਹੱਕ ਖੋਹਵਣ ਵਾਲੇ, ਬੋਲਣ ਦਾ ਹੱਕ ਮੰਗ ਰਹੇ ਨੇ।
ਜਦ ਜੀਅ ਚਾਹੇ, ਜਿਉਂ ਜੀਅ ਚਾਹੇ, ਵਕਤ ਨੂੰ ਸੂਲੀ ਟੰਗ ਰਹੇ ਨੇ।
ਸੱਥਰ ਵਿਛਦੇ ਵੇਖ, ਬਾਘੀਆਂ ਪਾਉਂਦੇ ਪਾਉਂਦੇ, ਇਹ ਕੀ ਹੋਇਆ,
ਆਪਣੀ ਵਾਰੀ ਮਿੱਟੀ ਹੋ ਗਏ, ਹੁਣ ਕਿਉਂ ਮਰਨੋਂ ਸੰਗ ਰਹੇ ਨੇ।
ਸ਼ਬਦਾਂ ਓਹਲੇ ਲੁਕਣ ਮਚਾਈਆਂ, ਖੇਡਣ ਵਾਲੇ ਖੇਖਣਹਾਰੇ,
ਥੋਹੜੇ ਬਹੁਤੇ ਫ਼ਰਕ ਨਾਲ ਸਭ ਹਥਿਆਰਾਂ ਦਾ ਅੰਗ ਰਹੇ ਨੇ।
ਸ਼ਾਸਤਰਾਂ ਨੂੰ ਪਿੱਛੇ ਕਰਕੇ, ਸੀਸ ਵਿਹੂਣਾ ਕਰਦੇ ਸਾਨੂੰ,
ਸ਼ਸਤਰ ਨੂੰ ਹੀ ਪੂਜੋ, ਲੁਕਵੇਂ ਹਰ ਵੈਰੀ ਦੇ ਢੰਗ ਰਹੇ ਨੇ।
ਸੱਜੇ ਹੱਥ ਤੋਂ ਚੋਰੀ ਚੋਰੀ, ਖੱਬਾ ਹੱਥ ਭਲਾ ਕੀਹ ਕਰਦਾ?
ਵਕਤ ਗੁਆ ਕੇ ਅਕਲਾਂ ਵਾਲੇ, ਹੁਣ ਕਿਉਂ ਏਨੇ ਦੰਗ ਰਹੇ ਨੇ।
ਚਿੱਟਾ ਪਰਚਮ ਹੱਥੀਂ ਲੈ ਕੇ, ਅਮਨ ਕੂਕਦੇ ਕਾਤਲ ਟੋਲੇ,
ਸਾਡਾ ਖੂਨ ਕਸ਼ੀਦ ਕੇ ਸਾਨੂੰ, ਆਪਣੇ ਰੰਗ ਵਿਚ ਰੰਗ ਰਹੇ ਨੇ।
ਨਾ ਬਾਬਰ ਹੁਣ ਕਾਬਲੋਂ ਆਵੇ, ਨਾ ਹੀ ਲਸ਼ਕਰ ਯੁੱਧ ਮਚਾਵੇ,
ਰੂਹਾਂ ਉੱਪਰ ਕਬਜ਼ਾ ਕਰਕੇ, ਹੁਣ ਤਾਂ ਜਾਬਰ ਡੰਗ ਰਹੇ ਨੇ।
ਮਨ ਤੰਦੂਰ/ 87