ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸਾਵਾ ਬਿਰਖ਼

ਉਹ ਰਾਵੀਓਂ ਉਰਵਾਰ-ਪਾਰ
ਕੂਕਦੀ ਆਵਾਜ਼ ਦਾ ਸਿਰਨਾਵਾਂ ਹੈ
ਇਹ ਕੂਕ ਧਰਤੀ 'ਤੇ ਮਨਹੂਸ ਲੀਕ ਦੇ ਖਿੱਚੇ ਜਾਣ ਤੋਂ
ਹਵਾ ਵਿਚ ਫ਼ੈਲਰੀ ਸੀ
ਉਦੋਂ ਜਦੋਂ ਦਰਿਆਵਾਂ ਦੇ ਨਿਰਮਲ ਪਾਣੀ
ਲਹੂ ਦੀਆਂ ਤਤੀਰੀਆ ਨਾਲ ਲਾਲ ਹੋ ਗਏ ਸਨ
ਬਿਰਖ਼ ਚੀਕਾਂ ਬਣ ਗਏ ਸਨ
ਤੇ ਪਹੇ-ਪਗਡੰਡੀਆਂ ਬੇਗਾਨੇ ਹੋ ਗਏ ਸਨ
ਇਨ੍ਹਾਂ ਅਣਕਿਆਸੇ ਦੁਖਦਾਈ ਪਲਾਂ 'ਚ
ਸਹਿਮੇ ਸਹਿਮੇ ਘੁੱਗ ਵੱਸਦੇ ਘਰ ਛੱਡ
ਉਹਦੇ ਵਡੇਰੇ ਜਦੋਂ ਰਾਵੀ ਪਾਰੋਂ
ਵਕਤਾਂ ਦੀ ਬੇਵਿਸ਼ਵਾਸੀ ਹੱਥੋਂ
ਰਾਵੀ ਦੇ ਉਰਲੇ ਪਾਸੇ ਆ ਵੱਸੇ

ਉਹਨਾਂ ਵਕਤਾਂ ਦਾ ਦਰਦ ਉਹਦੀਆਂ ਅੱਖਾਂ 'ਚੋਂ
ਹੁਣ ਵੀ ਸੇਕ ਵਾਂਗ ਨਿਕਲਦਾ ਹੈ
ਵੰਡ ਤੋਂ ਛੇ ਵਰ੍ਹੇ ਮਗਰੋਂ ਜੰਮਣ ਦੇ ਬਾਵਜੂਦ
ਉਹ ਅੱਜ ਤੱਕ ਵੀ ਭੁੱਲ ਨਹੀਂ ਸਕਿਆ
ਆਪਣੇ ਵੱਡ-ਵਡੇਰਿਆਂ ਦੀ ਉਸ ਮੋਹ-ਮਿੱਟੀ ਨੂੰ
ਹੁਣ ਵੀ ਉਹਦੇ ਪੈਰਾਂ ਨੂੰ
ਇਕ ਸ਼ੁਦਾਅ ਜਿਹਾ ਕੁੱਦਿਆ ਰਹਿੰਦਾ ਹੈ
ਰਾਵੀਓਂ ਪਰਲੇ ਪਾਰ ਜਾਣ ਦਾ।

ਉਹਦਾ ਜੀਵਨ ਸਾਦਾ ਸਰਲ ਨਹੀਂ
ਸੰਘਰਸ਼ ਦੀ ਲੰਮੇਰੀ ਵਿਥਿਆ ਹੈ
ਤੇ ਇਸਦੀ ਪੈੜ-ਦਰ-ਪੈੜ ਪਛਾਣ

ਮਨ ਤੰਦੂਰ/ 9